ਪੀਏਯੂ ਦੇ ਸੇਵਾਮੁਕਤ ਮੁਲਾਜ਼ਮਾਂ ਵੱਲੋਂ ਧਰਨਾ ਭਲਕੇ
ਪੀਏਯੂ ਪੈਨਸ਼ਨਰਜ਼ ਅਤੇ ਰਿਟਾਇਰੀਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ’ਚ ਲਿਆ ਫ਼ੈਸਲਾ
ਪੀਏਯੂ ਪੈਨਸ਼ਨਰਜ਼ ਅਤੇ ਰਿਟਾਇਰੀਜ਼ ਵੈੱਲਫੇਅਰ ਐਸੋਸੀਏਸ਼ਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਕਾਰਜਕਾਰਨੀ ਦੀ ਇੱਕ ਹੰਗਾਮੀ ਮੀਟਿੰਗ ਕੀਤੀ, ਜਿਸ ਵਿੱਚ 9 ਅਕਤੂਬਰ ਨੂੰ ਧਰਨਾ ਲਗਾਉਣ ਦਾ ਫੈਸਲਾ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਡੀ ਪੀ ਮੌੜ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਦੋ ਮਹੀਨਿਆਂ ਤੋਂ ਪੈਨਸ਼ਨ ਅਤੇ ਤਨਖਾਹਾਂ ਲਈ ਕੋਈ ਵੀ ਪੈਸਾ ਦੇਣ ਤੋਂ ਇਨਕਾਰੀ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨ ਅਤੇ ਤਨਖਾਹਾਂ ਤੋਂ ਇਲਾਵਾ ਪੈਨਸ਼ਨਰ ਦਾ 1.1.2016 ਤੋਂ ਸੋਧੇ ਹੋਏ ਸਕੇਲਾਂ ਦਾ ਏਰੀਅਰ, ਵਧੇ ਹੋਏ ਸਕੇਲਾਂ ਵਿੱਚ ਲੀਵ ਇਨਕੈਸ਼ਮੈਂਟ ਦਾ ਏਰੀਅਰ ਜੋ ਕਿ ਪੰਜਾਬ ਸਰਕਾਰ ਅਤੇ ਦੂਸਰੇ ਅਦਾਰਿਆਂ ਵਿੱਚ ਪਹਿਲੀ ਅਪਰੈਲ 2025 ਤੋਂ ਲਗਾਤਾਰ ਮਿਲ ਰਿਹਾ ਹੈ, ਵੀ ਪੀਏਯੂ ਦੇ ਪੈਨਸ਼ਨਰ ਨੂੰ ਪੰਜਾਬ ਸਰਕਾਰ ਦੇਣ ਤੋਂ ਇਨਕਾਰੀ ਹੈ ਅਤੇ ਇਸ ਲਈ ਪੀਏਯੂ ਨੂੰ ਕੋਈ ਫੰਡ ਜਾਰੀ ਨਹੀਂ ਕੀਤੇ ਜਾ ਰਹੇ। ਉਨ੍ਹਾਂ ਅੱਗੇ ਕਿਹਾ ਕਿ ਪੀਏਯੂ ਪੈਨਸ਼ਨਰ ਦੇ ਮੈਡੀਕਲ ਬਿੱਲ ਵੀ ਮਹੀਨਿਆਂ ਅਤੇ ਸਾਲਾਂ ਬੱਧੀ ਲਟਕ ਰਹੇ ਹਨ , ਜੁਲਾਈ 2025 ਵਿੱਚ ਮਿਲਣ ਵਾਲਾ ਐਲ.ਟੀ.ਏ ਵੀ ਨਹੀਂ ਦਿੱਤਾ ਗਿਆ, ਜਿਸ ਕਰਕੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਅਤੇ ਨਿਰਾਸ਼ਾ ਹੈ। ਇਸ ਲਈ ਐਸੋਸੀਏਸ਼ਨ 9 ਅਕਤੂਬਰ ਨੂੰ ਪੀਏਯੂ ਦੇ ਥਾਪਰ ਹਾਲ ਦੇ ਸਾਹਮਣੇ ਵਿਸ਼ਾਲ ਧਰਨਾ ਲਾ ਕੇ ਆਪਣੇ ਗੁੱਸੇ ਦਾ ਇਜ਼ਹਾਰ ਕਰੇਗੀ। ਮੀਟਿੰਗ ਦੌਰਾਨ ਕਾਮਰੇਡ ਜੋਗਿੰਦਰ ਰਾਮ, ਜੈਪਾਲ, ਸਤਨਾਮ ਸਿੰਘ, ਗੁਲਸ਼ਨ ਰਾਏ, ਨਿਤਿਆ ਨੰਦ, ਪ੍ਰੀਤਮ ਸਿੰਘ,ਰਾਮ ਨਾਥ ਅਤੇ ਇਕਬਾਲ ਸਿੰਘ ਨੇ ਆਪਣੇ ਵਿਚਾਰ ਰੱਖੇ। ਹੋਰਨਾਂ ਤੋਂ ਇਲਾਵਾ ਮੀਟਿੰਗ ਵਿੱਚ ਰਾਜਪਾਲ ਵਰਮਾ, ਸੁਖਪਾਲ ਸਿੰਘ, ਪਾਲ ਰਾਮ, ਭਰਪੂਰ ਸਿੰਘ, ਸ਼ਿਵ ਕੁਮਾਰ, ਅਮਰੀਕ ਸਿੰਘ ,ਰਾਧੇ ਸ਼ਾਮ, ਦੇਸ ਰਾਜ , ਅਨੂਪ ਕੁਮਾਰ ਅਤੇ ਧਰਮ ਸਿੰਘ ਹਾਜ਼ਰ ਸਨ।