ਪੀਏਯੂ ਮੁੜ ਬਣੀ ਦੇਸ਼ ਦੀ ਸਿਖਰਲੇ ਰੈਂਕ ਵਾਲੀ ਯੂਨੀਵਰਸਿਟੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਜੂਨ
ਦੇਸ਼ ਭਰ ਦੀਆਂ ਸੰਸਥਾਵਾਂ ਨੂੰ ਉਨ੍ਹਾਂ ਦੇ ਕਾਰਜ ਅਤੇ ਯੋਗਦਾਨ ਦੇ ਆਧਾਰ ’ਤੇ ਰੈਂਕਿੰਗ ਦੇਣ ਵਾਲੀ ਏਜੰਸੀ ਇੰਡੀਅਨ ਇੰਸਟੀਟਿਊਸ਼ਨ ਰੈਂਕਿੰਗ ਫਰੇਮਵਰਕ (ਆਈਆਈਆਰਐੱਫ) ਵੱਲੋਂ ਜਾਰੀ ਕੀਤੀ 2025 ਦੀ ਰੈਂਕਿੰਗ ਵਿੱਚ ਪੀਏਯੂ ਨੂੰ ਦੇਸ਼ ਦੀਆਂ 67 ਰਾਜ ਖੇਤੀ ਯੂਨੀਵਰਸਿਟੀਆਂ ’ਚੋਂ ਪਹਿਲਾ ਰੈਂਕ ਹਾਸਲ ਹੋਇਆ ਹੈ। ਇਹੀ ਨਹੀਂ ਪੀ.ਏ.ਯੂ. ਨੇ ਦੇਸ਼ ਭਰ ਦੇ 78 ਖੇਤੀ ਸੰਸਥਾਨਾਂ ਵਿੱਚੋਂ ਦੂਸਰਾ ਦਰਜਾ ਵੀ ਇਸ ਰੈਂਕਿੰਗ ਅਨੁਸਾਰ ਹਾਸਲ ਕੀਤਾ। ਇਨ੍ਹਾਂ 78 ਸੰਸਥਾਨਾਂ ਵਿਚ ਖੇਤੀਬਾੜੀ ਅਤੇ ਬਾਗਬਾਨੀ ਦੀਆਂ ਸੰਸਥਾਵਾਂ ਤੋਂ ਬਿਨਾਂ ਆਈਸੀਏਆਰ ਦੀਆਂ ਖੁਦਮੁਖਤਾਰ ਯੂਨੀਵਰਸਿਟੀਆਂ, ਕੇਂਦਰੀ ਖੇਤੀ ਯੂਨੀਵਰਸਿਟੀਆਂ ਅਤੇ ਆਈਸੀਏਆਰ ਦੇ ਸੰਸਥਾਨ ਸ਼ਾਮਲ ਹਨ।
ਸਿਰਫ਼ ਆਈਸੀਏਆਰ-ਆਈਏਆਰਆਈ ਦੀ ਰੈਂਕਿੰਗ ਪੀ.ਏ.ਯੂ. ਨਾਲੋਂ ਬਿਹਤਰ ਰਹੀ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਰੈਂਕਿੰਗ ਅਕਾਦਮਿਕ, ਖੋਜ, ਪਲੇਸਮੈਂਟ, ਉਦਯੋਗਿਕ ਸੰਪਰਕ, ਫੈਕਲਟੀ ਦਾ ਮਿਆਰ, ਵਿਭਿੰਨਤਾ ਅਤੇ ਸੰਸਥਾਈ ਕਾਢਾਂ ਨੂੰ ਅਧਾਰ ਬਣਾ ਕੇ ਦਿੱਤੀ ਜਾਂਦੀ ਹੈ।
ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਸ ਰੈਂਕਿੰਗ ਨੇ ਇਕ ਵਾਰ ਫਿਰ ਪੀ.ਏ.ਯੂ. ਵੱਲੋਂ ਖੋਜ ਅਤੇ ਅਕਾਦਮਿਕ ਖੇਤਰ ਵਿਚ ਦਿੱਤੇ ਗਏ ਯੋਗਦਾਨ ਦੀ ਸਾਰਥਕਤਾ ਨੂੰ ਸਾਬਿਤ ਕੀਤਾ ਹੈ। ਉਹਨਾਂ ਕਿਹਾ ਕਿ ਪੀ.ਏ.ਯੂ. ਦੀ ਵਿਰਾਸਤ ਦੇਸ਼ ਦੀਆਂ ਸਿਖਰਲੀਆਂ ਸੰਸਥਾਵਾਂ ਵਿੱਚੋਂ ਵੀ ਮੋਹਰੀ ਭੂਮਿਕਾ ਅਦਾ ਕਰਨ ਵਿੱਚੋਂ ਪਛਾਣੀ ਜਾ ਸਕਦੀ ਹੈ। ਉਹਨਾਂ ਨੇ ਇਸ ਪ੍ਰਾਪਤੀ ਨੂੰ ਪੀ.ਏ.ਯੂ. ਦੇ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਦੇ ਸਾਂਝੇ ਯਤਨਾਂ ਅਤੇ ਸਮਰਪਣ ਦੇ ਸਿੱਟੇ ਵਜੋਂ ਹਾਸਿਲ ਹੋਈ ਕਿਹਾ। ਡਾ. ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਭਾਰਤ ਦੀ ਖੇਤੀ ਲਈ ਪਾਏ ਜਾਣ ਵਾਲੇ ਮਹੱਤਵਪੂਰਨ ਯੋਗਦਾਨ ਨੂੰ ਭਵਿੱਖ ਵਿਚ ਵੀ ਜਾਰੀ ਰੱਖੇਗੀ।
ਯੂਨੀਵਰਸਿਟੀ ਦੇ ਰਜਿਸਟਰਾਰਡਾ. ਰਿਸ਼ੀਪਾਲ ਸਿੰਘ ਨੇ ਪੀ.ਏ.ਯੂ. ਵੱਲੋਂ ਬਦਲਦੇ ਸਮੇਂ ਅਨੁਸਾਰ ਆਪਣੇ ਆਪ ਨੂੰ ਤਿਆਰ ਕੀਤਾ ਹੈ। ਡੀਨਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਕਿਹਾ ਕਿ ਰਾਸ਼ਟਰੀ ਪੱਧਰ ਤੇ ਦੂਜੇ ਦਰਜੇ ਦੀ ਖੇਤੀ ਸੰਸਥਾ ਅਤੇ ਸਿਖਰਲੇ ਦਰਜੇ ਦੀ ਖੇਤੀਬਾੜੀ ਯੂਨੀਵਰਸਿਟੀ ਬਣਨਾ ਮਾਣ ਵਾਲੀ ਗੱਲ ਤਾਂ ਹੈ ਨਾਲ ਹੀ ਇਹ ਭਵਿੱਖ ਵਿਚ ਹੋਰ ਵੱਡੀ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ। ਪੀ.ਏ.ਯੂ. 6 ਕਾਲਜਾਂ ਦੇ 35 ਵਿਭਾਗਾਂ ਅਤੇ 10 ਖੇਤਰੀ ਖੋਜ ਕੇਂਦਰਾਂ ਦੇ ਵੱਡੇ ਢਾਂਚੇ ਨਾਲਜੁੜੀ ਹੋਈ ਹੈ। ਹੁਣ ਤੱਕ ਪੀ.ਏ.ਯੂ. ਨੇ ਵੱਖ-ਵੱਖ ਫਸਲਾਂ ਦੀਆਂ 950 ਤੋਂ ਵਧੇਰੇ ਕਿਸਮਾਂ ਵਿਕਸਿਤ ਕੀਤੀਆਂ ਜਿਨ੍ਹਾਂ ਵਿੱਚੋਂ ਵਡੇਰੀ ਗਿਣਤੀ ਵਿਚ ਕਿਸਮਾਂ ਦੀ ਪਛਾਣ ਰਾਸ਼ਟਰੀ ਪੱਧਰ ਤੇ ਕਾਸ਼ਤ ਲਈ ਹੋਈ। ਜ਼ਿਕਰਯੋਗ ਹੈ ਕਿ ਐੱਨਆਈਆਰਐੱਫ ਦੀ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੀ 2023 ਅਤੇ 2024 ਦੀ ਰੈਂਕਿੰਗ ਵਿਚ ਲਗਾਤਾਰ ਦੋ ਸਾਲ ਪੀ.ਏ.ਯੂ. ਖੇਤੀ ਯੂਨੀਵਰਸਿਟੀਆਂ ਵਿਚ ਸਿਖਰਲੀ ਰੈਂਕਿੰਗ ਹਾਸਲ ਕਰਦੀ ਰਹੀ।