ਪੀਏਯੂ ਵੱਲੋਂ ਨਦੀਨ ਨਾਸ਼ਕਾਂ ਦੇ ਛਿੜਕਾਅ ਬਾਰੇ ਜ਼ਰੂਰੀ ਸਿਫ਼ਾਰਸ਼ਾਂ
ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਜੁਲਾਈ
ਸਾਰੇ ਪੰਜਾਬ ਵਿੱਚ ਝੋਨੇ ਦੀ ਬਿਜਾਈ ਅਤੇ ਲਵਾਈ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਕਿਸਾਨ ਖੇਤਾਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕਾਂ ਦੀ ਵਰਤੋਂ ਵੀ ਕਰ ਰਹੇ ਹਨ। ਇਸ ਪ੍ਰਸੰਗ ਵਿਚ ਪੀਏਯੂ ਮਾਹਿਰਾਂ ਨੇ ਕਿਸਾਨਾਂ ਨੂੰ ਨਦੀਨ ਨਾਸ਼ਕਾਂ ਦੀ ਰੋਕਥਾਮ ਵਾਸਤੇ ਛਿੜਕਾਅ ਦੇ ਜ਼ਰੂਰੀ ਨੁਕਤੇ ਸੁਝਾਏ ਹਨ। ਮਾਹਿਰਾਂ ਨੇ ਕਿਹਾ ਕਿ ਚੰਗੇ ਨਦੀਨ ਪ੍ਰਬੰਧ ਲਈ ਨਦੀਨਾਂ ਦੀ ਪਛਾਣ ਹੋਣਾ ਬਹੁਤ ਮਹੱਤਵਪੂਰਨ ਹੈ। ਖੇਤ ਵਿੱਚ ਮੌਜੂਦ ਨਦੀਨਾਂ ਦੇ ਅਨੁਸਾਰ ਸਹੀ ਨਦੀਨਨਾਸ਼ਕ ਦਾ ਸਹੀ ਸਮੇਂ ਤੇ, ਸਹੀ ਢੰਗ ਅਤੇ ਸਹੀ ਮਿਕਦਾਰ ਵਿੱਚ ਵਰਤੋਂ ਕਰਨ ਨਾਲ ਨਦੀਨਨਾਸ਼ਕਾਂ ਤੋਂ ਚੰਗੇ ਨਤੀਜੇ ਲਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪੀਏਯੂ ਵੱਲੋਂ ਸਮੇਂ-ਸਮੇਂ ਤੇ ਫਸਲਾਂ ਵਿੱਚ ਨਦੀਨਾਂ ਦੀਆਂ ਆ ਰਹੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਨਦੀਨ ਪ੍ਰਬੰਧਨ ਦੀਆਂ ਸਿਫਾਰਿਸ਼ਾਂ ਕੀਤੀਆਂ ਜਾਂਦੀਆਂ ਹਨ
ਨਿਰਦੇਸ਼ਕ ਪਸਾਰ ਸਿਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਿਸਾਨਾਂ ਨੂੰ ਦੱਸਿਆ ਗਿਆ ਕਿ ਪਿਛਲੇ ਸਾਲ ਯੂਨੀਵਰਸਿਟੀ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਸਵਾਂਕ ਅਤੇ ਝੋਨੇ ਦੇ ਮੋਥੇ, ਚੀਨੀ/ਘੋੜਾ ਘਾਹ, ਗੰਡੀ ਵਾਲਾ ਡੀਲਾ/ਮੋਥਾ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਸਮੱਸਿਆ ਦੀ ਰੋਕਥਾਮ ਲਈ 500 ਮਿਲੀਲੀਟਰ ਪ੍ਰਤੀ ਏਕੜ ਨੋਵਲੈਕਟ 12 ਈਸੀ (ਫ਼ਲੋਰਪਾਈਰਾਕਸੀਫੈਨ ਬੈਨਜਾਈਲ+ਸਾਈਹੈਲੋਫੌਪ ਬਿਊਟਾਈਲ) ਦੀ ਸਿਫਾਰਿਸ਼ ਕੀਤੀ ਗਈ ਹੈ। ਜੇਕਰ ਖੇਤ ਵਿੱਚ ਸਵਾਂਕ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੀ ਹੈ ਤਾਂ 100 ਮਿਲੀਲਿਟਰ ਪ੍ਰਤੀ ਏਕੜ ਨੋਮਨੀਗੋਲਡ 10 ਐਸ ਸੀ (ਬਿਸਪਾਇਰੀਬੈਕ) ਹੀ ਕਾਰਗਰ ਹੈ। ਇਸ ਤੋਂ ਇਲਾਵਾ ਜੇਕਰ ਖੇਤ ਵਿੱਚ ਘਾਹ ਵਾਲੇ ਨਦੀਨ -ਗੁੜਤ ਮਧਾਣਾ, ਚੀਨੀ/ਘੋੜਾ ਘਾਹ, ਚਿੜੀ ਘਾਹ ਅਤੇ ਤੱਕੜੀ ਘਾਹ ਦੀ ਸਮੱਸਿਆ ਹੋਵੇ ਤਾਂ ਉਨ੍ਹਾਂ ਖੇਤਾਂ ਵਿੱਚ 400 ਮਿਲੀ ਲੀਟਰ ਪ੍ਰਤੀ ਏਕੜ ਰਾਈਸਸਟਾਰ 6.7 ਈ ਸੀ (ਫਿਨਾਕਸਾਪਰੋਪ-ਪੀ-ਇਥਾਇਲ) ਦਾ ਹੀ ਛਿੜਕਾਅ ਕਰੋ। ਛਿੜਕਾਅ ਕਰਨ ਦੇ ਸਮੇਂ ਨਦੀਨਾਂ ਦੀ ਅਵਸਥਾ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਜਦੋਂ ਨਦੀਨ ਨਦੀਨਨਾਸ਼ਕਾਂ ਦੇ ਛਿੜਕਾਅ ਲਈ ਸਿਫਾਰਿਸ਼ ਵਾਲੀ ਅਵਸਥਾ (1-4 ਪੱਤੇ) ਤੋਂ ਵੱਡਾ ਹੋ ਜਾਵੇ ਤਾਂ ਸਿਫਾਰਿਸ਼ ਕੀਤੇ ਹੋਏ ਨਦੀਨਨਾਸ਼ਕ ਵੀ ਚੰਗੇ ਨਤੀਜੇ ਨਹੀਂ ਦਿੰਦੇ।
ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰੀ ਰਾਮ ਨੇ ਕਿਸਾਨਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਖੇਤ ਵਿੱਚ ਵੱਖ-ਵੱਖ ਤਰ੍ਹਾਂ ਦੇ ਨਦੀਨਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਕਈ ਵਾਰ ਕੁਝ ਕਿਸਾਨ, ਨਦੀਨਾਂ ਦਾ ਪੂਰੀ ਤਰ੍ਹਾਂ ਖਾਤਮਾ ਕਰਨ ਲਈ ਆਪਣੇ ਤੌਰ ਤੇ ਦੋ ਜਾਂ ਦੋ ਤੋਂ ਵੱਧ ਨਦੀਨਨਾਸ਼ਕਾਂ ਨੂੰ ਰਲਾ ਕੇ ਵਰਤ ਰਹੇ ਹਨ। ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਖੇਤੀ ਖਰਚਿਆਂ ਵਿੱਚ ਵਾਧਾ ਕਰ ਰਹੇ ਹਨ ਅਤੇ ਇਸ ਦੇ ਚੰਗੇ ਨਤੀਜੇ ਵੀ ਨਹੀਂ ਮਿਲਦੇ। ਉਨ੍ਹਾਂ ਨੇ ਕਿਸਾਲਾਂ ਨੂੰ ਅਪੀਲ ਕੀਤੀ ਕਿ ਨਦੀਨ ਦੀ ਪਹਿਚਾਨ ਕਰਕੇ ਸਹੀ ਸਮੇਂ ਤੇ ਢੁੱਕਵੇਂ ਨਦੀਨਨਾਸ਼ਕ ਦੀ ਹੀ ਵਰਤੋਂ ਕੀਤੀ ਜਾਵੇ।