ਪੀਏਯੂ ਮੁਲਾਜ਼ਮਾਂ ਵੱਲੋਂ ਤਨਖ਼ਾਹਾਂ ਤੇ ਪੈਨਸ਼ਨਾਂ ਜਾਰੀ ਕਰਨ ਦੀ ਮੰਗ
ਪੀਏਯੂ ਐਂਪਲਾਈਜ਼ ਯੂਨੀਅਨ, ਪੀਏਯੂ ਫੋਰਥ ਕਲਾਸ ਵਰਕਰਜ਼ ਯੂਨੀਅਨ ਅਤੇ ਪੀਏਯੂ ਪੈਨਸ਼ਨਰ ਅਤੇ ਰਿਟਾਇਰੀਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਅੱਜ ਇਥੇ ਪੀਏਯੂ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ’ਚ ਫੈਸਲਾ ਕੀਤਾ ਗਿਆ ਪੀਏਯੂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਨੂੰ ਅਗਸਤ ਮਹੀਨੇ ਦੀ ਤਨਖਾਹ ਅਤੇ ਪੈਨਸ਼ਨ ਦੇ ਚੈੱਕ ਜਾਰੀ ਨਹੀਂ ਕੀਤੇ ਗਏ। ਜਿਸ ਦੇ ਵਿਰੋਧ ਵਿੱਚ 9 ਸਤੰਬਰ ਨੂੰ ਸਵੇਰੇ 9 ਵਜੇ ਥਾਪਰ ਹਾਲ ਦੇ ਸਾਹਮਣੇ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ। ਸ੍ਰੀ ਵਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੀਏਯੂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।
ਸਰਕਾਰ ਵੱਲੋਂ ਪੀਏਯੂ ਮੁਲਾਜ਼ਮਾਂ ਦੀ ਤਨਖਾਹ ਅਤੇ ਪੈਨਸ਼ਨ ਦੀ ਗਰਾਂਟ ਪਿਛਲੇ ਦੋ ਮਹੀਨੇ ਤੋਂ ਜਾਰੀ ਨਹੀਂ ਕੀਤੀ ਗਈ। ਜੁਲਾਈ ਮਹੀਨੇ ਦੀ ਤਨਖਾਹ ਅਤੇ ਪੈਨਸ਼ਨ ਦਾ ਬਿੱਲ ਪਹਿਲੀ ਅਗਸਤ ਦਾ ਖਜ਼ਾਨੇ ਵਿੱਚ ਪੈਂਡਿੰਗ ਪਿਆ ਹੈ। ਸਰਕਾਰ ਵੱਲੋਂ ਕਥਿਤ ਤੌਰ ’ਤੇ ਬਿਨਾਂ ਕਿਸੇ ਕਾਰਨ ਰੋਕਿਆ ਹੋਇਆ ਹੈ ਅਗਸਤ ਮਹੀਨੇ ਦਾ ਬਿੱਲ ਹਾਲੇ ਤੱਕ ਖਜ਼ਾਨੇ ਨਹੀਂ ਭੇਜਿਆ ਗਿਆ। ਪ੍ਰਧਾਨ ਵਾਲੀਆ ਨੇ ਕਿਹਾ ਕਿ ਜੁਲਾਈ ਮਹੀਨੇ ਦੀ ਤਨਖਾਹ ਅਤੇ ਪੈਨਸ਼ਨ ਪੀਏਯੂ ਵੱਲੋਂ ਆਪਣੇ ਕੋਲੋਂ ਦਿੱਤੀ ਗਈ ਸੀ। ਉਹਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜੁਲਾਈ ਅਤੇ ਅਗਸਤ ਮਹੀਨੇ ਦੀ ਤਨਖਾਹ ਅਤੇ ਪੈਨਸ਼ਨ ਜਲਦੀ ਜਾਰੀ ਨਾ ਕੀਤੀ ਗਈ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਮਨਮੋਹਨ ਸਿੰਘ, ਲਾਲ ਬਹਾਦਰ ਯਾਦਵ, ਬਿੱਕਰ ਸਿੰਘ, ਨਵਨੀਤ ਸ਼ਰਮਾ, ਨਰਿੰਦਰ ਸਿੰਘ ਸੇਖੋਂ, ਕੇਸ਼ਵ ਸੈਣੀ, ਗੁਰਇਕਬਾਲ ਸਿੰਘ, ਧਰਮਿੰਦਰ ਸਿੰਘ ਸਿੱਧੂ, ਸਤਵਿੰਦਰ ਸਿੰਘ, ਭੁਪਿੰਦਰ ਸਿੰਘ, ਹਰਮਿੰਦਰ ਸਿੰਘ, ਸੁਰਜੀਤ ਸਿੰਘ, ਕਰਨੈਲ ਸਿੰਘ, ਜਗਦੀਪ ਸਿੰਘ, ਤੇਜਿੰਦਰ ਸਿੰਘ, ਪ੍ਰਿੰਸ ਗਰਗ, ਸੁਰਿੰਦਰ ਸਿੰਘ, ਹੁਸਨ ਕੁਮਾਰ, ਇੰਦਰਜੀਤ ਸਿੰਘ, ਹਰਪ੍ਰੀਤ ਸਿੰਘ, ਰਾਕੇਸ਼ ਕੁਮਾਰ, ਜਤਿੰਦਰ ਕੁਮਾਰ, ਨਰਿੰਦਰ ਕਾਲੜਾ, ਰਵਿੰਦਰ ਚਾਵਲਾ, ਰੁਪਿੰਦਰ ਸਿੰਘ, ਬਰਿੰਦਰ ਪੰਡੋਰੀ ਅਤੇ ਪੀਏਯੂ ਪੈਨਸ਼ਨਰ ਅਤੇ ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਡੀਪੀ ਮੌੜ, ਜੇਐਲ ਨਾਰੰਗ, ਜੋਗਿੰਦਰ ਰਾਮ, ਸਤਨਾਮ ਸਿੰਘ ਅਤੇ ਜੈ ਪਾਲ ਸਿੰਘ ਸ਼ਾਮਲ ਸਨ।