ਪੀਏਯੂ ਦੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਰੈਲੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਜੁਲਾਈ
ਪੀਏਯੂ ਐਂਪਲਾਈਜ਼ ਯੂਨੀਅਨ, ਪੀਏਯੂ ਫੋਰਥ ਕਲਾਸ ਵਰਕਰਜ਼ ਯੂਨੀਅਨ, ਪੀਏਯੂ ਕੰਨਟਰੈਕਚੁਲ ਐਂਡ ਡੀਪੀਐਲ ਯੂਨੀਅਨ ਅਤੇ ਪੀਏਯੂ ਰਿਟਾਈਰਜ਼ ਐਂਡ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਕੇਂਦਰ ਸਰਕਾਰ ਵਿਰੁੱਧ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਵਿੱਚ ਅੱਜ ਪੀਏਯੂ ਦੇ ਥਾਪਰ ਹਾਲ ਅੱਗੇ ਵਿਸ਼ਾਲ ਰੈਲੀ ਕੀਤੀ। ਖਰਾਬ ਮੌਸਮ ਦੇ ਬਾਵਜੂਦ ਵੱਡੀ ਗਿਣਤੀ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਗਟਾਇਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਪੀਏਯੂ ਐਂਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਮਨਮੋਹਨ ਸਿੰਘ ਨੇ ਸਾਰੇ ਮੁਲਾਜ਼ਮਾਂ ਨੂੰ ਜੀ ਆਇਆਂ ਆਖਿਆ। ਇਸ ਰੈਲੀ ਨੂੰ ਲਾਲ ਬਹਾਦਰ ਯਾਦਵ, ਨਵਨੀਤ ਸ਼ਰਮਾਂ, ਗੁਰਇਕਬਾਲ ਸਿੰਘ ਸੋਹੀ, ਬਰਿੰਦਰ ਪੰਡੌਰੀ, ਡੀਪੀ ਮੌੜ, ਜੋਗਿੰਦਰ ਰਾਮ, ਰੁਪਿੰਦਰ ਸਿੰਘ, ਰਵਿੰਦਰ ਚਾਵਲਾ, ਪੀਏਯੂ ਟੀਚਰਜ਼ ਐਸੋਸੀਏਸ਼ਨ ਵੱਲੋਂ ਡਾ. ਹਰਮੀਤ ਸਿੰਘ ਕਿੰਗਰਾ ਨੇ ਸੰਬੋਧਨ ਕੀਤਾ। ਪੀਏਯੂ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਕਿਹਾ ਕਿ ਇਹ ਦੇਸ਼ ਵਿਆਪੀ ਹੜਤਾਲ ਕੇਂਦਰ ਨੂੰ ਮੁਲਾਜ਼ਮ ਮਾਰੂ ਚਾਰ ਲੇਬਰ ਕੋਡ ਵਾਪਸ ਲੈਣ , ਐਨਪੀਐਸ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਪੈਨਸ਼ਨਰ ਦਾ ਡੀਏ ਬੰਦ ਨਾ ਕਰਨ ਅਤੇ ਪੇ ਕਮਿਸ਼ਨ ਦਾ ਲਾਭ ਦੇਣ ਦੀ ਮੰਗ ਨੂੰ ਲੈ ਕੇ ਕੀਤੀ ਗਈ ਹੈ। ਇਸ ਸਬੰਧੀ ਪਾਸ ਕੀਤੇ ਸਾਰੇ ਬਿੱਲ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ। ਪ੍ਰਧਾਨ ਵਾਲੀਆ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸਮੂਹ ਮੁਲਾਜ਼ਮ ਜਥੇਬੰਦੀਆਂ ਇੱਕ ਝੰਡੇ ਥੱਲੇ ਇਕੱਠੀਆਂ ਹੋ ਕੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿੱਕਰ ਸਿੰਘ ਕਲਸੀ, ਨਰਿੰਦਰ ਸਿੰਘ ਸੋੇਖੋਂ, ਕੇਸ਼ਵ ਰਾਏ ਸੈਣੀ, ਧਰਮਿੰਦਰ ਸਿੰਘ ਸਿੱਧੂ, ਭੁਪਿੰਦਰ ਸਿੰਘ, ਸਤਵਿੰਦਰ ਸਿੰਘ, ਹਰਮਿੰਦਰ ਸਿੰਘ ਸਮੇਤ ਹੋਰ ਕਈ ਆਗੂ ਹਜ਼ਰ ਸਨ।