ਪੀ ਏ ਯੂ ਨੇ ਹੜ੍ਹ ਪੀੜਤ ਕਿਸਾਨਾਂ ਨੂੰ ਬੀਜ ਵੰਡਿਆ
ਯੂਨਾਈਟਿਡ ਸਿੱਖਸ ਦੇ ਸਹਿਯੋਗ ਨਾਲ ਪਿੰਡ ਟੇਂਡੀਵਾਲਾ ’ਚ ਕਣਕ ਤੇ ਸਰੋਂ ਦਾ ਬੀਜ ਮੁਹੱਈਅਾ ਕਰਾਇਅਾ
ਇਥੇ ਯੂਨਾਈਟਿਡ ਸਿੱਖਸ ਦੇ ਸਹਿਯੋਗ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਦੇ ਹੜ੍ਹ ਪੀੜਤ ਕਿਸਾਨਾਂ ਨੂੰ ਅਗਲੀ ਹਾੜੀ ਦੀ ਫ਼ਸਲ ਲਈ ਉੱਚ ਕੁਆਲਿਟੀ ਵਾਲੀਆਂ ਕਿਸਮਾਂ ਦਾ ਸੋਧਿਆ ਹੋਇਆ ਕਣਕ ਤੇ ਸਰ੍ਹੋਂ ਦਾ ਬੀਜ ਦਿੱਤਾ ਗਿਆ ਹੈ। ਇਸ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੇ ਦੱਸਿਆ ਕਿ ਹੜ੍ਹਾਂ ਦੀ ਮਾਰ ਝੱਲ ਰਹੇ ਕਿਸਾਨਾਂ ਦੇ ਤੁਰੰਤ ਪੁਨਰਵਾਸ ਲਈ ਇੱਕ ਅਹਿਮ ਕਦਮ ਚੁੱਕਦਿਆਂ ਪੀ ਏ ਯੂ ਵੱਲੋਂ ਕਿਸਾਨਾਂ ਦੀ ਸਹਾਇਤਾ ਲਈ ਕਣਕ ਅਤੇ ਸਰ੍ਹੋਂ ਦੇ ਬੀਜ ਮੁਹੱਈਆ ਕਰਵਾਉਣ ਦੀ ਮੁਹਿੰਮ ਆਰੰਭ ਕੀਤੀ ਗਈ ਹੈ, ਜਿਸ ਤਹਿਤ ਅੱਜ ਹੜ੍ਹ ਪ੍ਰਭਾਵਿਤ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਟੇਂਡੀਵਾਲਾ ਵਿੱਚ ਬੀਜ ਵੰਡਣ ਦੀ ਸੇਵਾ ਮੁਹਿੰਮ ਦੀ ਆਰੰਭਤਾ ਯੂਨਾਈਟਿਡ ਸਿੱਖਸ ਦੇ ਸਹਿਯੋਗ ਨਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਪੈਦਾ ਹੋਈ ਸਮੱਸਿਆ ਲਈ ਰਾਹਤ ਕਾਰਜਾਂ ਦੇ ਰੂਪ ਵਿੱਚ ਇਸ ਵਾਰ ਵੀ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਬਾਕੀ ਅਮਲੇ ਨੇ ਆਪਣੀ ਤਨਖਾਹਾਂ ਵਿੱਚੋਂ ਯੋਗਦਾਨ ਪਾਉਂਦਿਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਣਕ ਦੀਆਂ ਉਨਤ ਕਿਸਮਾਂ ਦਾ 725 ਕੁਇੰਟਲ ਅਤੇ ਗੋਭੀ ਸਰ੍ਹੋਂ ਦਾ 5 ਕੁਇੰਟਲ ਬੀਜ ਕਿਸਾਨਾਂ ਵਿੱਚ ਵੰਡਿਆ ਹੈ।
ਇਸ ਮੌਕੇ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ (ਪਸਾਰ ਸਿੱਖਿਆ) ਡਾ: ਤਰਸੇਮ ਸਿੰਘ ਢਿੱਲੋਂ, ਵਧੀਕ ਨਿਰਦੇਸ਼ਕ (ਪਸਾਰ ਸਿੱਖਿਆ) ਸਮੇਤ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਵੀ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਹੜ੍ਹਾਂ ਦੇ ਪਾਣੀ ਨਾਲ ਜ਼ਮੀਨਾਂ ਦੀ ਸਤਹਿ ’ਤੇ ਵੀ ਪ੍ਰਭਾਵ ਪਿਆ ਹੈ ਅਤੇ ਇਸ ਦੇ ਪ੍ਰਭਾਵ ਨੂੰ ਜਾਂਚਣ ਲਈ ਉਨ੍ਹਾਂ ਕਿਸਾਨ ਵੀਰਾਂ ਨੂੰ ਮਿੱਟੀ ਅਤੇ ਪਾਣੀ ਦੀ ਜਾਂਚ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਰਾਬਤਾ ਕਰਨ ਤੇ ਜ਼ੋਰ ਦਿੱਤਾ।
ਇਸ ਮੌਕੇ ਅੰਮ੍ਰਿਤਪਾਲ ਸਿੰਘ ਡਾਇਰੈਕਟਰ ਪੰਜਾਬ
ਯੂਨਾਈਟਿਡ ਸਿੱਖਸ ਨੇ ਪੀਏਯੂ ਵੱਲੋਂ ਬੀਜ ਵੰਡਣ ਦੀ ਆਰੰਭੀ ਸੇਵਾ ਮੁਹਿੰਮ ਦੀ ਸ਼ਲਾਘਾ ਕੀਤੀ ਅਤੇ ਸਰਹੱਦੀ ਇਲਾਕੇ ਦੇ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸੰਯੁਕਤ ਖੇਤੀ ਪ੍ਰਣਾਲੀ, ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਨੂੰ ਅਪਨਾਉਣ ਤੇ ਜ਼ੋਰ ਦਿੱਤਾ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਡਾਇਰੈਕਟਰ ਯੂਨਾਈਟਿਡ ਸਿੱਖਸ, ਭੁਪਿੰਦਰ ਸਿੰਘ ਮਕੱੜ ਅਤੇ ਜਗਮੀਤ ਸਿੰਘ ਨੇ ਆਪਣੇ ਸਾਥੀਆਂ ਸਣੇ ਪਿੰਡ ਟੇਂਡੀਵਾਲਾ ਦੇ ਕਿਸਾਨਾਂ ਨੂੰ ਬੀਜ ਵੰਡਣ ਦੀ ਰਸਮ ਅਦਾ ਕੀਤੀ।
ੰ

