ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੀਏਯੂ ਖੇਤੀ ਵਿਗਿਆਨ ਪੱਖੋਂ ਚੋਟੀ ਦੀਆਂ 100 ਸੰਸਥਾਵਾਂ ’ਚ ਸ਼ਾਮਲ

ਖੇਤੀਬਾੜੀ ਸੰਸਥਾਵਾਂ ਦੀ ਕੌਮਾਂਤਰੀ ਐਜੂਰੈਂਕ ਸੂਚੀ ਵਿੱਚ 93ਵਾਂ ਰੈਂਕ
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਯੂਨੀਵਰਸਿਟੀ ਅਧਿਕਾਰੀ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਪੀਏਯੂ ਨੇ ਦੁਨੀਆ ਦੀਆਂ ਚੋਟੀ ਦੀਆਂ 100 ਖੇਤੀਬਾੜੀ ਸੰਸਥਾਵਾਂ ਦੀ ਤਾਜ਼ਾ ਜਾਰੀ ਐਜੂਰੈਂਕ 2025 ਸੂਚੀ ਵਿੱਚ ਖੇਤੀਬਾੜੀ ਵਿਗਿਆਨ ਵਿੱਚ 93ਵਾਂ ਸਥਾਨ ਪ੍ਰਾਪਤ ਕਰਕੇ ਸੰਸਾਰ ਪੱਧਰ ’ਤੇ ਵਡੇਰਾ ਸਨਮਾਨ ਹਾਸਿਲ ਕੀਤਾ ਹੈ। ਦੁਨੀਆ ਭਰ ਦੀਆਂ 4407 ਸੰਸਥਾਵਾਂ ਵਿੱਚੋਂ ਪੀ ਏ ਯੂ ਭਾਰਤ ਦੀ ਇਕਲੌਤੀ ਰਾਜ ਖੇਤੀਬਾੜੀ ਯੂਨੀਵਰਸਿਟੀ ਹੈ ਜੋ ਇਸ ਉੱਚ ਸੂਚੀ ਵਿੱਚ ਸ਼ਾਮਲ ਹੈ।

ਇਸ ਸੂਚੀ ਵਿੱਚ ਏਸ਼ੀਆ ਤੋਂ ਸਿਰਫ਼ 22 ਸੰਸਥਾਵਾਂ ਨੇ ਖੇਤੀਬਾੜੀ ਵਿਗਿਆਨ ਵਿੱਚ ਵਿਸ਼ਵ ਪੱਧਰੀ ਚੋਟੀ ਦੇ 100 ਵਿੱਚ ਜਗ੍ਹਾ ਬਣਾਈ। ਇਹਨਾਂ ਵਿੱਚੋਂ ਤੇਰਾਂ ਚੀਨ ਤੋਂ ਹਨ, ਦੋ ਜਾਪਾਨ ਤੋਂ ਜਦਕਿ ਇਜ਼ਰਾਈਲ, ਸਿੰਗਾਪੁਰ, ਮਲੇਸ਼ੀਆ, ਇੰਡੋਨੇਸ਼ੀਆ, ਪਾਕਿਸਤਾਨ ਅਤੇ ਭਾਰਤ ਤੋਂ ਇੱਕ-ਇੱਕ ਸੰਸਥਾ ਸ਼ਾਮਿਲ ਹੈ। ਭਾਰਤ ਦੀ ਨੁਮਾਇੰਦਗੀ ਇਸ ਸ਼੍ਰੇਣੀ ਵਿੱਚ ਸਿਰਫ਼ ਦੋ ਖੇਤੀਬਾੜੀ ਸੰਸਥਾਵਾਂ ਵੱਲੋਂ ਕੀਤੀ ਗਈ। ਇਨ੍ਹਾਂ ਵਿਚ ਭਾਰਤੀ ਖੇਤੀਬਾੜੀ ਖੋਜ ਸੰਸਥਾ ਨਵੀਂ ਦਿੱਲੀ, 47ਵੇਂ ਸਥਾਨ ’ਤੇ ਅਤੇ ਪੀਏਯੂ 93ਵੇਂ ਸਥਾਨ ’ਤੇ ਰਹੇ। ਜਦੋਂ ਕਿ ਭਾਰਤੀ ਖੇਤੀ ਖੋਜ ਸੰਸਥਾ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਅਧੀਨ ਇੱਕ ਰਾਸ਼ਟਰੀ ਸੰਸਥਾ ਹੈ। ਇਸ ਲਿਹਾਜ਼ ਨਾਲ ਪੀ ਏ ਯੂ ਵਿਸ਼ਵ ਪੱਧਰ ਤੇ ਇਸ ਮਾਨਤਾ ਨੂੰ ਪ੍ਰਾਪਤ ਕਰਨ ਵਾਲੀ ਇਕਲੌਤੀ ਰਾਜ ਖੇਤੀਬਾੜੀ ਯੂਨੀਵਰਸਿਟੀ ਹੈ।

Advertisement

ਪੀਏਯੂ ਦੇ ਵਾਈਸ-ਚਾਂਸਲਰ, ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਦਰਜਾਬੰਦੀ ਪੀਏਯੂ ਦੀ ਖੋਜ, ਅਕਾਦਮਿਕ ਅਤੇ ਪਸਾਰ ਕਾਰਜਾਂ ਲਈ ਵਚਨਬੱਧਤਾ, ਵਿਗਿਆਨਕ ਪਹੁੰਚ ਅਤੇ ਅਣਥੱਕ ਮਿਹਨਤ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਵਿਸ਼ਵਵਿਆਪੀ ਮਾਨਤਾ ਨਾ ਸਿਰਫ਼ ਯੂਨੀਵਰਸਿਟੀ ਲਈ ਇੱਕ ਮੀਲ ਪੱਥਰ ਹੈ, ਸਗੋਂ ਰਾਸ਼ਟਰੀ ਪੱਧਰ ਤੇ ਮਾਣ ਦਾ ਇੱਕ ਪਲ ਵੀ ਹੈ। ਰਜਿਸਟਰਾਰ ਡਾ. ਰਿਸ਼ੀ ਪਾਲ ਸਿੰਘ ਨੇ ਇਸ ਵਿਸ਼ਵੀ ਦਰਜਾਬੰਦੀ ਨੂੰ ਯੂਨੀਵਰਸਿਟੀ ਦੀ ਅਕਾਦਮਿਕ ਲੀਡਰਸ਼ਿਪ ਅਤੇ ਖੋਜ ਆਧਾਰਿਤ ਮਾਹੌਲ ਦੀ ਪ੍ਰਮਾਣਿਕਤਾ ਦਾ ਰੂਪਕ ਕਿਹਾ।

ਜ਼ਿਕਰਯੋਗ ਹੈ ਕਿ ਐਜੂਰੈਂਕ ਇੱਕ ਸੁਤੰਤਰ ਗਲੋਬਲ ਰੈਂਕਿੰਗ ਪਲੇਟਫਾਰਮ ਹੈ ਜੋ ਖੇਤੀ ਖੋਜ ਦੀ ਵਿਹਾਰਕਤਾ ਅਤੇ ਅਕਾਦਮਿਕ ਪ੍ਰਭਾਵ ਵਰਗੇ ਮਾਪਦੰਡਾਂ ਦੇ ਅਧਾਰ ਤੇ 14,000 ਤੋਂ ਵੱਧ ਸੰਸਥਾਵਾਂ ਦਾ ਮੁਲਾਂਕਣ ਕਰਦਾ ਹੈ। ਪੀ ਏ ਯੂ ਦਾ ਸਿਖਰਲੀਆਂ 100 ਸੰਸਥਾਵਾਂ ਵਿੱਚ ਸ਼ਾਮਿਲ ਹੋਣਾ ਵਿਸ਼ਵ ਪੱਧਰ ਤੇ ਖੇਤੀਬਾੜੀ ਖੋਜ ਅਤੇ ਸਿੱਖਿਆ ਵਿੱਚ ਇਸ ਯੂਨੀਵਰਸਿਟੀ ਦੇ ਵਧ ਰਹੇ ਪ੍ਰਭਾਵ ਦਾ ਸੂਚਕ ਹੈ।

Advertisement