ਜਲੰਧਰ ਬਾਈਪਾਸ ਨੇੜੇ ਤਬਦੀਲ ਹੋਵੇਗਾ ਪਾਸਪੋਰਟ ਸੇਵਾ ਕੇਂਦਰ
ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਜੁਲਾਈ
ਅਕਾਸ਼ਦੀਪ ਕੰਪਲੈਕਸ, ਗਿਆਨ ਸਿੰਘ ਰਾੜੇਵਾਲਾ ਮਾਰਕੀਟ ’ਚ ਚੱਲ ਰਿਹਾ ਪਾਸਪੋਰਟ ਸੇਵਾ ਕੇਂਦਰ (ਪੀਐਸਕੇ) 7 ਜੁਲਾਈ ਤੋਂ ਗਲੋਬਲ ਬਿਜ਼ਨਸ ਪਾਰਕ, ਜੀਟੀ ਰੋਡ ਜਲੰਧਰ ਬਾਈਪਾਸ ਨੇੜੇ ਪਿੰਡ ਭੋਰਾ, ਲੁਧਿਆਣਾ ਵਿੱਚ ਤਬਦੀਲ ਕੀਤਾ ਜਾਵੇਗਾ। ਪੰਜਾਬ ਦੇ ਉਦਯੋਗ ਅਤੇ ਵਣਜ ਨਿਵੇਸ਼ ਪ੍ਰਮੋਸ਼ਨ ਅਤੇ ਐਨਆਰਆਈ ਮਾਮਲਿਆਂ ਦੇ ਕੈਬਨਿਟ ਮੰਤਰੀ ਸੰਜੀਵ ਨੇ ਇਸ ’ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦਫਤਰ ਦੀ ਪਹਿਲਾਂ ਵਾਲੀ ਜਗ੍ਹਾ ਪੂਰੀ ਤਰ੍ਹਾਂ ਨਾ ਕਾਫੀ ਸੀ। ਇਸ ਵਿੱਚ ਬੁਨਿਆਦੀ ਢਾਂਚੇ, ਪਾਰਕਿੰਗ ਥਾਂ ਅਤੇ ਲੋਕਾਂ ਲਈ ਉਡੀਕ ਖੇਤਰ ਦੀ ਵੀ ਘਾਟ ਸੀ। ਸ਼੍ਰੀ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਕਈ ਵਾਰ ਵਿਦੇਸ਼ ਮੰਤਰਾਲੇ ਕੋਲ ਉਠਾਇਆ ਸੀ। ਉਨ੍ਹਾਂ ਨੇ ਵਿਦੇਸ਼ ਮੰਤਰੀ ਨੂੰ ਪਹਿਲਾ ਪੱਤਰ 3 ਫਰਵਰੀ, 2023 ਨੂੰ ਲਿਖਿਆ ਸੀ ਜਿਸ ਦੇ 28 ਫਰਵਰੀ, 2023 ਨੂੰ ਆਏ ਜਵਾਬ ਵਿੱਚ ਦੱਸਿਆ ਗਿਆ ਸੀ ਕਿ ਪੀਐਸਕੇ ਨੂੰ ਢੂਕਵੀਂ ਜਗ੍ਹਾ ’ਤੇ ਤਬਦੀਲ ਕਰਨ ਦੀ ਪ੍ਰਕਿਰਿਆ ਪਹਿਲਾਂ ਹੀ ਚੱਲ ਰਹੀ ਹੈ। ਬਾਅਦ ਵਿੱਚ ਉਸੇ ਸਾਲ 17 ਮਾਰਚ, 29 ਅਕਤੂਬਰ ਅਤੇ 20 ਦਸੰਬਰ ਨੂੰ ਫਾਲੋ-ਅੱਪ ਪੱਤਰ ਭੇਜੇ ਗਏ ਸਨ। ਸ਼੍ਰੀ ਅਰੋੜਾ ਦਾ ਸਭ ਤੋਂ ਤਾਜ਼ਾ ਫਾਲੋ-ਅੱਪ ਪੱਤਰ 5 ਫਰਵਰੀ, 2025 ਨੂੰ ਭੇਜਿਆ ਗਿਆ ਸੀ ਜਿਸ ਵਿੱਚ ਉਨ੍ਹਾਂ ਨੇ ਕੇਂਦਰ ਨੂੰ ਤੁਰੰਤ ਕਾਰਵਾਈ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਸੀ। ਇੰਨਾਂ ਚਿੱਠੀਆਂ ਦਾ ਅਸਰ ਇਹ ਹੋਇਆ ਕਿ ਆਖਰ ਮੰਤਰਾਲੇ ਨੇ ਸ਼ਿਫਟਿੰਗ ਲਈ ਹਰੀ ਝੰਡੀ ਦੇ ਦਿੱਤੀ ਹੈ। ਇਸ ਨਾਲ ਲੁਧਿਆਣਾਂ ਅਤੇ ਆਸ ਪਾਸ ਦੇ ਲੋਕਾਂ ਨੂੰ ਚੰਗਾ ਲਾਭ ਹੋਵੇਗਾ। ਸ਼੍ਰੀ ਅਰੋੜਾ ਨੇ ਉਮੀਦ ਪ੍ਰਗਟਾਈ ਕਿ ਗਲੋਬਲ ਬਿਜ਼ਨਸ ਪਾਰਕ ਵਿਖੇ ਨਵੀਂ ਸਹੂਲਤ ਬਹੁਤ ਜਿਆਦਾ ਪਹੁੰਚਯੋਗ ਅਤੇ ਨਾਗਰਿਕ ਅਨਕੂਲ ਹੋਵੇਗੀ।