ਲੰਬੇ ਅਰਸੇ ਮਗਰੋਂ ਕੱਚਾ ਮਲਕ ਰੋਡ ਦੇ ਭਾਗ ਜਾਗੇ
ਜਗਰਾਉਂ ਦਾ ਕੱਚਾ ਮਲਕ ਰੋਡ ਨਾਮ ਦਾ ਹੀ ਨਹੀਂ ਸਗੋਂ ਦਹਾਕਿਆਂ ਤਕ ਕੱਚਾ ਰਹਿਣ ਕਰਕੇ ਹੀ ਇਸ ਨਾਮ ਨਾਲ ਜਾਣਿਆ ਜਾਂਦਾ ਹੈ। ਫੇਰ ਕਈ ਸਾਲ ਪਹਿਲਾਂ ਇਹ ਪੱਕਾ ਹੋਇਆ ਅਤੇ ਬਾਅਦ ਵਿੱਚ ਸੜਕ ਬਣ ਗਈ। ਪਰ ਹਰੇਕ ਵਾਰ ਕਿਸੇ 'ਕ੍ਰਿਸ਼ਮੇ' ਕਰਕੇ ਇਹ ਸੜਕ ਬਣਨ ਤੋਂ ਕੁਝ ਮਹੀਨੇ ਬਾਅਦ ਟੁੱਟ ਜਾਂਦੀ ਰਹੀ। ਪਿਛਲੀ ਕਾਂਗਰਸ ਸਰਕਾਰ ਦੇ ਜਾਣ ਤੋਂ ਕੁਝ ਸਮਾਂ ਪਹਿਲਾਂ ਹੀ ਬਣਾਈ ਸੜਕ ਆਪਣੀ ਰਵਾਇਤ ਕਾਇਮ ਰੱਖਦੇ ਹੋਏ ਕੁਝ ਮਹੀਨੇ ਦੇ ਅੰਦਰ ਮੁੜ ਟੁੱਟ ਗਈ। ਉਦੋਂ ਤੋਂ ਲੋਕ ਟੁੱਟੀ ਸੜਕ ਦਾ ਸੰਤਾਪ ਭੋਗ ਰਹੇ ਹਨ। ਅੱਜ ਇਕ ਵਾਰ ਫੇਰ ਇਸ ਸੜਕ ਦੇ ਭਾਗ ਜਾਗੇ ਜਦੋਂ ਹਲਕਾ ਵਿਧਾਇਕਾ ਸਰਵਜੀਤ ਕੌਰ ਨੇ ਕੱਚਾ ਮਲਕ ਰੋਡ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ। ਪਹਿਲਾਂ ਦੇ ਮੁਕਾਬਲੇ ਵੱਧ ਚੌੜੀ ਕਰਕੇ ਇਸ ਸੜਕ ਨੂੰ ਬਣਾਉਣ ਦਾ ਇਹ ਕੰਮ ਦੋ ਮਹੀਨੇ ਦੇ ਅੰਦਰ ਮੁਕੰਮਲ ਹੋ ਜਾਵੇਗਾ। ਉਨ੍ਹਾਂ ਆਖਿਆ ਕਿ ਇਸ ਸੜਕ ਦੀ ਮਿਆਦ ਸਾਲ 2027 ਤਕ ਖ਼ਤਮ ਹੋਣੀ ਸੀ ਅਤੇ ਨਿਯਮਾਂ ਮੁਤਾਬਕ ਸੜਕ 2027 ਵਿੱਚ ਹੀ ਮੁੜ ਬਣਾਈ ਜਾਣੀ ਸੀ। ਪਰ ਸੀਵਰੇਜ ਦੀ ਸਮੱਸਿਆ ਆ ਜਾਣ ਕਾਰਨ ਅਤੇ ਪਾਣੀ ਦੀਆਂ ਪਾਈਪਾਂ ਪਾਉਣ ਕਾਰਨ ਇਹ ਸੜਕ ਕਈ ਥਾਵਾਂ ਤੋਂ ਬੁਰੀ ਤਰ੍ਹਾਂ ਟੁੱਟ ਗਈ। ਰੇਲਵੇ ਫਾਟਕਾਂ ਤੋਂ ਸ਼ਹਿਰ ਵਾਲੇ ਪਾਸੇ ਤਾਂ ਸੜਕ ਦਾ ਨਾਮੋ ਨਿਸ਼ਾਨ ਹੀ ਮਿਟ ਗਿਆ ਤੇ ਵੱਡੇ ਵੱਡੇ ਖੱਡੇ ਪੈਣ ਕਰਕੇ ਵੱਡੀ ਮੁਸੀਬਤ ਬਣ ਗਈ ਸੀ। ਲੋਕਾਂ ਦੀ ਪ੍ਰੇਸ਼ਾਨੀ ਨੂੰ ਵੇਖਦੇ ਹੋਏ ਮੁੱਖ ਮੰਤਰੀ ਤੋਂ ਮਨਜ਼ੂਰੀ ਲੈ ਕੇ ਫੰਡ ਜਾਰੀ ਕਰਵਾਇਆ ਗਿਆ ਹੈ। ਵਿਧਾਇਕਾ ਮਾਣੂੰਕੇ ਨੇ ਦੱਸਿਆ ਕਿ ਇਸ ਸੜਕ ਦੇ ਨਿਰਮਾਣ ਉੱਪਰ ਇਕ ਕਰੋੜ ਰੁਪਏ ਦਾ ਖਰਚਾ ਆਵੇਗਾ ਅਤੇ ਇਸ ਸੜਕ ਉੱਪਰ ਫਾਟਕਾਂ ਤੋਂ ਸ਼ਹਿਰ ਵਾਲੇ ਪਾਸੇ 750 ਮੀਟਰ 80 ਐਮਐਮ ਦੀ ਇੰਟਰਲਾਕਿੰਗ ਟਾਈਲਾਂ ਲਗਾਈਆਂ ਜਾਣਗੀਆਂ ਅਤੇ ਫਾਟਕਾਂ ਤੋਂ ਹਾਈਵੇਅ ਤਕ ਬਜਰੀ ਅਤੇ ਪ੍ਰੀਮੈਕਸ ਨਾਲ 22 ਫੁੱਟ ਚੌੜੀ ਸੜਕ ਬਣਾਈ ਜਾਵੇਗੀ। ਜੇਕਰ ਮੌਸਮ ਸਹੀ ਰਿਹਾ ਤਾਂ ਸੜਕ ਦੋ ਮਹੀਨੇ ਦੇ ਅੰਦਰ ਤਿਆਰ ਕਰਕੇ ਲੋਕਾਂ ਦੀ ਸਹੂਲਤ ਲਈ ਚਾਲੂ ਕਰ ਦਿੱਤੀ ਜਾਵੇਗੀ। ਇਸ ਮੌਕੇ ਪ੍ਰੋ. ਸੁਖਵਿੰਦਰ ਸਿੰਘ, ਜੇਈ ਪਰਿਮੰਦਰ ਸਿੰਘ ਢੋਲਣ, ਅਮਰਦੀਪ ਸਿੰਘ ਟੂਰੇ ਹਾਜ਼ਰ ਸਨ।
ਖਰਚੇ ਸਬੰਧੀ ਬੋਰਡ ਲਾਉਣ ਦੀ ਮੰਗ
ਨਗਰ ਸੁਧਾਰ ਸਭਾ ਦੇ ਪ੍ਰਧਾਨ ਅਵਤਾਰ ਸਿੰਘ ਤੇ ਸਕੱਤਰ ਕੰਵਲਜੀਤ ਖੰਨਾ ਨੇ ਸੜਕ ਬਣਨ ਦਾ ਸਵਾਗਤ ਕਰਦਿਆਂ ਖਰਚੇ ਦੇ ਬੋਰਡ ਲਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ 'ਆਪ' ਨੇ ਹੀ ਕਿਸੇ ਸਮੇਂ ਅਜਿਹੀ ਪਿਰਤ ਪਾਉਣ ’ਤੇ ਜ਼ੋਰ ਦਿੱਤਾ ਸੀ। ਹੁਣ ਇਸ ਸੜਕ ਦੇ ਹਾਈਵੇਅ ਵਾਲੇ ਪਾਸੇ ਵੱਖਰਾ ਅਤੇ ਇੰਟਰਲਾਕ ਟਾਈਲਾਂ ਵਾਲੇ ਕੰਮ ਦੇ ਦੂਜੇ ਪਾਸੇ ਵੱਖਰਾ ਬੋਰਡ ਲਾਇਆ ਜਾਵੇ। ਇਸ ’ਤੇ ਕੁੱਲ ਖਰਚਾ, ਨਿਯਮ, ਲੰਬਾਈ, ਚੌੜਾਈ, ਠੇਕੇਦਾਰ ਸਣੇ ਸਾਰੇ ਵੇਰਵੇ ਲਿਖੇ ਜਾਣ।