ਖੇਤੀ ਕਾਰੋਬਾਰ ਦੀਆਂ ਚੁਣੌਤੀਆਂ ਬਾਰੇ ਗੋਸ਼ਟੀ
ਸਾਈਬਰ ਖੇਤਰ ਦੇ ਖਤਰਿਆਂ ਅਤੇ ਭਾਰਤ ਵਿੱਚ ਡਿਜੀਟਲ ਮੂਲ਼ ਢਾਂਚੇ ਦੇ ਪਸਾਰ ਬਾਰੇ ਧਾਰਨਾਵਾਂ ਪੇਸ਼
ਪੀ ਏ ਯੂ ’ਚ ਆਸਟਰੇਲੀਆ-ਇੰਡੀਆ ਸਾਈਬਰ ਸਕਿਓਰਿਟੀ ਅਤੇ ਆਰਟੀਫੀਸ਼ਲ ਇੰਟੈਲੀਜੈਂਸ ਇਨੋਵੇਸ਼ਨ ਦੇ ਸਹਿਯੋਗ ਨਾਲ ਖੇਤੀ ਕਾਰੋਬਾਰ ਚੁਣੌਤੀਆਂ ਅਤੇ ਡਿਜ਼ੀਟਲ ਬਦਲਾਅ ਬਾਰੇ ਇਕ ਅੰਤਰਰਾਸ਼ਟਰੀ ਗੋਸ਼ਟੀ ਕਰਵਾਈ ਗਈ। ਇਸ ਗੋਸ਼ਟੀ ਦੇ ਬਹਾਨੇ ਖੇਤੀ ਖੇਤਰ ਦੇ ਵਿਦਵਾਨਾਂ, ਕਾਰੋਬਾਰੀਆਂ ਅਤੇ ਵਿਦਿਆਰਥੀਆਂ ਨੂੰ ਵਿਚਾਰ-ਵਟਾਂਦਰੇ ਲਈ ਸਾਂਝਾ ਮੰਚ ਪ੍ਰਦਾਨ ਕੀਤਾ ਗਿਆ।
ਇਸ ਗੋਸ਼ਟੀ ਦੇ ਮੁੱਖ ਬੁਲਾਰੇ ਯੂ ਐੱਨ ਈ ਬਿਜ਼ਨਸ ਸਕੂਲ ਦੇ ਸਹਿਯੋਗੀ ਨਿਰਦੇਸ਼ਕ ਡਾ. ਕਮਲਜੀਤ ਸਿੰਘ ਸੰਧੂ ਸਨ। ਆਰੰਭਕ ਸੈਸ਼ਨ ਦੌਰਾਨ ਉਨ੍ਹਾਂ ਨੇ ਖੇਤੀ ਕਾਰੋਬਾਰ ਦੀਆਂ ਚੁਣੌਤੀਆਂ ਬਾਰੇ ਕੁੰਜੀਵਤ ਭਾਸ਼ਣ ਦਿੱਤਾ। ਡਾ. ਸੰਧੂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਸਾਈਬਰ ਖੇਤਰ ਦੇ ਖਤਰਿਆਂ ਅਤੇ ਭਾਰਤ ਵਿਚ ਡਿਜੀਟਲ ਮੂਲ਼ ਢਾਂਚੇ ਦੇ ਪਸਾਰ ਬਾਰੇ ਧਾਰਨਾਵਾਂ ਪੇਸ਼ ਕੀਤੀਆਂ। ਉਨ੍ਹਾਂ ਕਿਹਾ ਕਿ ਭਾਰਤ ਅਤੇ ਆਸਟਰੇਲੀਆ ਦੇ ਖੋਜੀ ਇਸ ਦਿਸ਼ਾ ਵਿੱਚ ਸਾਂਝੇ ਰੂਪ ਵਿੱਚ ਕਾਰਜ ਕਰਕੇ ਇਸ ਨੂੰ ਭਰਪੂਰ ਅਤੇ ਸੰਪੰਨ ਬਣਾ ਸਕਣਗੇ।
ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਪੀ ਏ ਯੂ ਵੱਲੋਂ ਵੱਖ-ਵੱਖ ਖੇਤੀ ਖੋਜਾਂ ਅਤੇ ਪਸਾਰ ਗਤੀਵਿਧੀਆਂ ਦੇ ਨਾਲ-ਨਾਲ ਮੌਜੂਦਾ ਸਮੇਂ ਖੇਤੀ ਕਾਰੋਬਾਰ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਦੀ ਗੱਲ ਕੀਤੀ। ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਸਕੂਲ ਆਫ ਡਿਜ਼ੀਟਲ ਇਨੋਵੇਸ਼ਨਜ਼ ਫਾਰ ਸਮਾਰਟ ਐਗਰੀਕਲਚਰ ਸਥਾਪਿਤ ਕੀਤੇ ਜਾਣ ਬਾਰੇ ਗੱਲ ਕੀਤੀ। ਬਿਜ਼ਨਸ ਸਟੱਡੀਜ਼ ਸਕੂਲ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਨੇ ਸਕੂਲ ਦੀਆਂ ਗਤੀਵਿਧੀਆਂ ਸਾਂਝੀਆਂ ਕਰਨ ਦੇ ਨਾਲ-ਨਾਲ ਏ ਆਈ ਅਤੇ ਖੇਤੀ ਕਾਰੋਬਾਰ ਵਿਚਕਾਰ ਤਾਲਮੇਲ ਬਿਠਾਉਣ ਲਈ ਕੀਤੇ ਜਾ ਰਹੇ ਕਾਰਜਾਂ ’ਤੇ ਚਾਨਣਾ ਪਾਇਆ।

