ਪੰਡਿਤ ਸ਼ਰਧਾ ਰਾਮ ਫਿਲੌਰੀ ਦਾ ਜਨਮ ਦਿਨ ਮਨਾਇਆ
ਫਿਲੌਰ ਰੇਲਵੇ ਸਟੇਸ਼ਨ ਦਾ ਨਾਮ ਪੰਡਿਤ ਜੀ ਦੇ ਨਾਮ ’ਤੇ ਰੱਖਣ ਤੇ ਚੇਅਰ ਸਥਾਪਤ ਕਰਨ ਦੀ ਮੰਗ
ਪੰਡਿਤ ਸ਼ਰਧਾ ਰਾਮ ਫਿਲੌਰੀ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਸੁਤੰਤਰਤਾ ਸੰਗਰਾਮੀ ਅਤੇ ਸਮਾਜ ਸੁਧਾਰਕ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ 188ਵਾਂ ਜਨਮ ਦਿਨ ਅੱਜ ਪ੍ਰਾਚੀਨ ਮੰਦਿਰ ਸੰਗਲਾ ਵਾਲਾ ਸ਼ਿਵਾਲਾ ਵਿੱਚ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ।
ਸੁਸਾਇਟੀ ਦੇ ਮੁੱਖ ਸਰਪ੍ਰਸਤ ਮਹੰਤ ਨਰਾਇਣ ਪੁਰੀ, ਦਰਸ਼ਨ ਲਾਲ ਬਵੇਜਾ, ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਪ੍ਰਧਾਨ ਪੁਰੀਸ਼ ਸਿੰਗਲਾ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨਵ ਵੱਖ ਵੱਖ ਵਰਗਾਂ ਨਾਲ ਸਬੰਧਤ 13 ਸਮਾਜ ਸੇਵੀ ਸਖ਼ਸ਼ੀਅਤਾਂ ਅਭਿਨਵ ਚੋਪੜਾ, ਵਿਧਾਇਕ ਅਸ਼ੋਕ ਪੱਪੀ ਪ੍ਰਾਸ਼ਰ, ਸਾਬਕਾ ਵਿਧਾਇਕ ਸੁਰਿੰਦਰ ਡਾਬਰ, ਭਾਜਪਾ ਨੇਤਾ ਵਿਪਨ ਸੂਦ ਕਾਕਾ, ਹਰਕੇਸ਼ ਮਿੱਤਲ, ਕਾਂਗਰਸੀ ਨੇਤਾ ਪਵਨ ਦੀਵਾਨ, ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਪੰਕਜ ਸ਼ਾਰਦਾ, ਸਮਾਜਸੇਵੀ ਸ਼ਾਮ ਸੁੰਦਰ ਮਲਹੋਤਰਾ, ਉੱਘੇ ਲੇਖਕ ਮੋਹਿਤ ਸਿੰਗਲਾ, ਆਰਤੀ ਸਿੰਗਲਾ, ਰਾਸ਼ੀ ਅਗਰਵਾਲ, ਰਾਕੇਸ਼ ਬਜਾਜ ਅਤੇ ਸ਼ਾਮ ਲਾਲ ਸਪਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਕਨਵੀਨਰ ਨਵਦੀਪ ਨਵੀ, ਮੀਤ ਪ੍ਰਧਾਨ ਸੁਨੀਲ ਮੈਣੀ, ਮਹਿਲਾ ਵਿੰਗ ਪ੍ਰਧਾਨ ਸਿੰਮੀ ਕਵਾਤਰਾ, ਚੰਦਰ ਸ਼ੇਖਰ ਪ੍ਰਭਾਕਰ (ਮੂਰਤੀਕਾਰ) ਸਰਪ੍ਰਸਤ ਅਤੇ ਸੁਭਾਸ਼ ਕਵਾਤਰਾ ਨੇ ਸਨਮਾਨਿਤ ਸਖ਼ਸ਼ੀਅਤਾਂ ਬਾਰੇ ਜਾਣਕਾਰੀ ਦਿੱਤੀ।
ਇਸ ਸਮੇਂ ਵਿਧਾਇਕ ਪੱਪੀ ਪ੍ਰਾਸ਼ਰ ਤੇ ਸੁਰਿੰਦਰ ਡਾਬਰ ਨੇ ਕਿਹਾ ਕਿ ਪੰਡਿਤ ਸ਼ਰਧਾ ਰਾਮ ਫਿਲੌਰੀ ਨੇ ਆਰਤੀ ਦੇ ਨਾਲ ਨਾਲ ਇਸਤਰੀ ਜਾਤੀ ਦੇ ਹੱਕਾਂ ਲਈ ਆਵਾਜ਼ ਉਠਾਈ ਅਤੇ ਸਤੀ ਪ੍ਰਥਾ, ਬਾਲ ਵਿਵਾਹ ਦਾ ਵਿਰੋਧ ਕੀਤਾ। ਉਨ੍ਹਾਂ ਦਾ ਲਿਖਿਆ ਨਾਟਕ ‘ਭਾਗਿਵਤੀ’ ਜੋ ਹਰ ਬੇਟੀ ਨੂੰ ਦਾਜ ਵਿੱਚ ਦਿੱਤਾ ਜਾਂਦਾ ਸੀ ਤਾਂ ਕਿ ਸਹੁਰੇ ਘਰ ਜਾ ਕੇ ਬੇਟੀ ਅੰਦਰ ਚੰਗੇ ਸੰਸਕਾਰ, ਸੱਭਿਆਚਾਰ ਅਤੇ ਰਿਸ਼ਤਿਆਂ ਦੇ ਸਤਿਕਾਰ ਦਾ ਗਿਆਨ ਪ੍ਰਾਪਤ ਹੋਵੇ।
ਇਸ ਸਮੇਂ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਪੁਰੀਸ਼ ਸਿੰਗਲਾ ਨੇ ਕਿਹਾ ਕਿ ਫਿਲੌਰ ਰੇਲਵੇ ਸਟੇਸ਼ਨ ਦਾ ਨਾਮ ਪੰਡਿਤ ਸ਼ਰਧਾ ਰਾਮ ਫਿਲੌਰੀ ਦੇ ਨਾਂ ’ਤੇ ਰੱਖਿਆ ਜਾਵੇ ਅਤੇ ਉਨ੍ਹਾਂ ਦੇ ਨਾਮ ਤੇ ਡਾਕ ਟਿਕਟ ਜਾਰੀ ਕਰਕੇ ਪੰਜਾਬ ਸਰਕਾਰ ਕਿਸੇ ਯੂਨੀਵਰਸਿਟੀ ਵਿੱਚ ਉਨ੍ਹਾਂ ਦੇ ਨਾਂ ਤੇ ਚੇਅਰ ਸਥਾਪਿਤ ਕਰੇ। ਇਸ ਮੌਕੇ ਭਜਨ ਸਮਰਾਟ ਰਮਨ ਮਲਹੋਤਰਾ ਐਂਡ ਪਾਰਟੀ ਅਤੇ ਮੋਹਿਤ ਬੰਸਰੀ ਵਾਧਕ ਨੇ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦੀਆਂ ਭੇਟਾਂ ਨਾਲ ਆਈ ਸੰਗਤ ਨੂੰ ਮੰਤਰ ਮੁਦਧ ਕੀਤਾ।