ਵਿਧਾਨ ਸਭਾ ਹਲਕਾ ਜਗਰਾਉਂ ਦੇ ਪਿੰਡਾਂ ਵਿੱਚ ਪਰਵਾਸੀ ਮਜ਼ਦੂਰਾਂ ਦੀ ਵੱਧ ਰਹੀ ਆਮਦ ਨੂੰ ਲੈ ਕੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪਿੰਡਾਂ ਵਿੱਚ ਰਹਿਣ ਵਾਲੇ ਪਰਵਾਸੀਆਂ ਤੋਂ ਉਨ੍ਹਾਂ ਦੇ ਸ਼ਨਾਖਤੀ ਅਤੇ ਵਿਵਹਾਰ ਸਬੰਧੀ ਦਸਤਾਵੇਜ਼ਾ ਦੀ ਮੰਗ ਕੀਤੀ ਜਾਣ ਲੱਗੀ ਹੈ। ਨਗਰ ਪੰਚਾਇਤ ਮਲਕ ਸਮੇਤ ਦਰਜਨ ਦੇ ਕਰੀਬ ਪਿੰਡਾਂ ਵਿੱਚ ਪੰਚਾਇਤਾਂ ਵੱਲੋਂ ਗੁਰਦੁਆਰਾ ਸਾਹਿਬਾਨ ਤੋਂ ਮੁਨਿਆਦੀ ਰਾਹੀਂ ਪਰਵਾਸੀ ਮਜ਼ਦੂਰਾਂ ਨੂੰ ਆਪਣੇ-ਆਪਣੇ ਸ਼ਨਾਖਤੀ ਕਾਰਡ ਅਤੇ ਜਿਸ ਵੀ ਸੂਬੇ ਚੋਂ ਉਹ ਆਏ ਹਨ, ਉੱਥੋਂ ਦੀ ਪੁਲੀਸ ਵੱਲੋਂ ਜਾਰੀ ਵਿਵਹਾਰ ਸਰਟੀਫਿਕੇਟਾਂ ਦੀ ਮੰਗ ਕੀਤੀ ਜਾਣ ਲੱਗੀ ਹੈ। ਸਮਾਜ ਸੇਵੀ ਜਗਤਾਰ ਸਿੰਘ, ਬੂਟਾ ਸਿੰਘ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ ਜਵੰਦਾ ਨੇ ਇਸ ਸਬੰਧ ਵਿੱਚ ਦੱਸਿਆ ਕਿ ਮਜ਼ਦੂਰੀ ਦੀ ਆੜ੍ਹ ਵਿੱਚ ਦੂਸਰੇ ਸੂਬਿਆਂ ਤੋਂ ਬਹੁ-ਗਿਣਤੀ ਲੋਕ ਜੋ ਕਿ ਅਪਰਾਧਿਕ ਪਿਛੋਕੜ ਵਾਲੇ ਹੁੰਦੇ ਹਨ। ਪੰਜਾਬ ਵਿੱਚ ਦਾਖਲ ਹੋ ਰਹੇ ਹਨ ਜਿਸ ਨਾਲ ਰੋਜਾਨਾਂ ਨਸ਼ਾ, ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਆਏ ਕਈ ਲੋਕ ਪੰਜਾਬ ਆ ਕੇ ਘਰਾਂ ਵਿੱਚੋਂ ਚੋਰੀਆਂ ਨੂੰ ਅੰਜਾਮ ਦਿੰਦੇ ਹਨ ਅਤੇ ਚੋਰੀ ਕੀਤਾ ਸਮਾਨ ਇਨ੍ਹਾਂ ਵਿੱਚੋਂ ਹੀ ਕਬਾੜੀਆਂ ਦਾ ਧੰਦਾ ਕਰਨ ਵਾਲੇ ਲੋਕਾਂ ਨੂੰ ਵੇਚਦੇ ਹਨ। ਇਸ ਤਰ੍ਹਾਂ ਦੇ ਕਈ ਕੇਸ ਇਸ ਇਲਾਕੇ ਵਿੱਚ ਸਾਹਮਣੇ ਆਏ ਹਨ। ਅਜਿਹੀਆਂ ਘਟਨਾਵਾਂ ਵਾਪਰਨ ਦੇ ਬਾਵਜੂਦ ਅਜਿਹੇ ਮਾੜੀ ਮਾਨਸਿਕਤਾ ਵਾਲੇ ਲੋਕ ਬੇਖੌਫ ਇੱਥੇ ਰਹਿ ਰਹੇ ਹਨ। ਉਨ੍ਹਾਂ ਆਖਿਆ ਇੰਨ੍ਹਾਂ ਵਿੱਚੋਂ ਚੰਗੇ ਮਾੜੇ ਦੀ ਪਛਾਣ ਹੋਣੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤਾਂ ਵੱਲੋਂ ਪਰਵਾਸੀ ਮਜ਼ਦੂਰਾਂ ਨੂੰ ਕਿਰਾਏ ’ਤੇ ਮਕਾਨ ਦੇਣ ਵਾਲਿਆਂ ਨੂੰ ਵੀ ਤਾੜਨਾ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਦੀ ਦਿੱਤੀ ਰਿਹਾਇਸ਼ ਤੋਂ ਕੋਈ ਵੀ ਅਪਰਾਧਿਕ ਬਿਰਤੀ ਵਾਲਾ ਮੁਲਜ਼ਮ ਗ੍ਰਿਫਤਾਰ ਹੁੰਦਾ ਹੈ ਤਾਂ ਉਨ੍ਹਾਂ ਖ਼ਿਲਾਫ਼ ਵੀ ਬਰਾਬਰ ਕਾਰਵਾਈ ਹੋਵੇਗੀ।
ਸ਼ਹਿਰਾਂ ਵਿੱਚ ਆਮਦ ਮੌਕੇ ਹੀ ਦਸਤਾਵੇਜ਼ ਜਾਂਚਣ ਦੀ ਮੰਗ
ਇਥੇ ਸੁਖਪਾਲ ਸਿੰਘ, ਅਮਨਦੀਪ ਸਿੰਘ ਨੇ ਆਖਿਆ ਕਿ ਪੰਚਾਇਤਾਂ ਦਾ ਇਹ ਦੇਰੀ ਨਾਲ ਸ਼ੁਰੂ ਕੀਤਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੋ ਵੀ ਪਰਵਾਸੀ ਮਜ਼ਦੂਰ ਪੰਜਾਬ ਵਿੱਚ ਦਾਖਲ ਹੁੰਦਾ ਹੈ। ਉਸ ਦੀ ਪਹਿਲਾਂ ਹੀ ਸਟੇਸ਼ਨਾਂ ਤੋਂ ਬਾਹਰ ਨਿਕਲਦੇ ਸਮੇਂ ਹੀ ਪੂਰੀ ਛਾਣਬੀਣ ਆਰੰਭ ਕੀਤੀ ਜਾਵੇ। ਇਸ ਤਰ੍ਹਾਂ ਮਾੜੇ ਲੋਕ ਪੰਜਾਬ ਵਿੱਚ ਆਉਣ ਤੋਂ ਕੰਨੀ ਕਤਰਾਉਣ ਲੱਗਣਗੇ। ਪੰਚਾਇਤਾਂ ਦੀਆਂ ਮੁਨਿਆਦੀਆਂ ਤੋਂ ਬਾਅਦ ਪਿੰਡਾਂ ਵਿੱਚੋਂ ਬਹੁ-ਗਿਣਤੀ ਲੋਕ ਆਪਣੇ-ਆਪਣੇ ਸੂਬਿਆਂ ਨੂੰ ਵਾਪਸ ਜਾਣ ਲੱਗੇ ਹਨ। ਲੋਕਾਂ ਵਿੱਚ ਰੋਸ ਹੈ ਕਿ ਜਿਹੜੇ ਕੰਮ ਸਰਕਾਰ ਅਤੇ ਪ੍ਰਸ਼ਾਸਨ ਦੇ ਹਨ, ਉਹ ਉਨ੍ਹਾਂ ਨੂੰ ਕਰਨੇ ਪੈ ਰਹੇ ਹਨ।