ਇਲਾਕੇ ਵਿਚ ਅੱਜ ਸਵੇਰ ਤੋਂ ਲੈ ਕੇ ਬਾਅਦ ਦੁਪਹਿਰ ਤੱਕ ਭਾਰੀ ਮੀਂਹ ਦੇਖਣ ਨੂੰ ਮਿਲਿਆ ਜਿਸ ਕਾਰਨ ਖੇਤਾਂ ਵਿਚ ਝੋਨੇ ਦੀ ਕਟਾਈ ਦਾ ਕੰਮ ਪੱਛੜ ਜਾਵੇਗਾ। ਮੀਂਹ ਕਾਰਨ ਜਿੱਥੇ ਝੋਨੇ ਵਾਲੇ ਖੇਤਾਂ ਵਿਚ ਪਾਣੀ ਖੜ੍ਹ ਗਿਆ ਅਤੇ ਕੰਬਾਇਨਾਂ ਰਾਹੀਂ ਕਟਾਈ ਦਾ ਕੰਮ ਲੱਗਭਗ 3 ਦਿਨ ਪੱਛੜ ਕੇ ਚੱਲੇਗਾ। ਦੋ ਦਿਨ ਪਏ ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਰਹੇ ਕਿ ਕਿਤੇ ਇਹ ਮੀਂਹ ਉਨ੍ਹਾਂ ਦੀ ਫਸਲ ਨੂੰ ਹੋਰ ਬਰਬਾਦ ਨਾ ਕਰ ਦੇਵੇ ਕਿਉਂਕਿ ਪਹਿਲਾਂ ਹੀ ਪਈਆਂ ਬੇਮੌਸਮੀਆਂ ਬਾਰਿਸ਼ਾਂ, ਹੜ੍ਹਾਂ ਤੇ ਬੀਮਾਰੀਆਂ ਕਾਰਨ ਝੋਨੇ ਦਾ ਝਾੜ ਬਹੁਤ ਹੀ ਘੱਟ ਨਿਕਲ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਇਹ 2 ਦਿਨ ਪਿਆ ਮੀਂਹ ਝਾੜ ’ਤੇ ਹੋਰ ਅਸਰ ਪਾਵੇਗਾ। ਦੂਸਰੇ ਪਾਸੇ ਮਾਛੀਵਾੜਾ ਮੰਡੀ ਵਿਚ ਵੀ ਕੱਲ੍ਹ ਕੁਝ ਟਰਾਲੀਆਂ ਝੋਨੇ ਦੀ ਆਮਦ ਹੋਈ ਪਰ ਅੱਜ ਕੰਮ ਬਿਲਕੁਲ ਬੰਦ ਰਿਹਾ। ਮੰਡੀ ਵਿਚ ਵਿਕਣ ਆਈ ਕਿਸਾਨਾਂ ਦੀ ਫਸਲ ਜੋ ਸ਼ੈੱਡ ਹੇਠਾਂ ਪਈ ਸੀ ਉਸ ਦਾ ਤਾਂ ਬਚਾਅ ਹੋ ਗਿਆ ਪਰ ਕੁਝ ਥਾਵਾਂ ’ਤੇ ਫਸਲ ਪਾਣੀ ਵਿਚ ਭਿੱਜ ਗਈ ਜਿਸ ਨੂੰ ਸੁਕਾਉਣ ਲਈ ਹੁਣ ਕਿਸਾਨਾਂ ਤੇ ਮਜ਼ਦੂਰਾਂ ਨੂੰ ਜੱਦੋ-ਜਹਿਦ ਕਰਨੀ ਪਵੇਗੀ। ਮੀਂਹ ਕਾਰਨ ਖਰੀਦ ਏਜੰਸੀਆਂ ਵਲੋਂ ਅੱਜ ਤੇ ਕੱਲ੍ਹ ਦੋਵੇਂ ਦਿਨ ਮੰਡੀਆਂ ਵਿਚ ਝੋਨੇ ਦੀ ਖਰੀਦ ਨਾ ਕੀਤੀ ਕਿਉਂਕਿ ਨਮੀ ਦੀ ਮਾਤਰਾ ਵੱਧ ਹੋਣ ਕਾਰਨ ਕੋਈ ਵੀ ਫਸਲ ਢੇਰੀ ਉਨ੍ਹਾਂ ਦੇ ਨਿਯਮਾਂ ਅਨੁਸਾਰ ਨਹੀਂ ਸੀ। ਮਾਰਕੀਟ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਹੁਣ ਤੱਕ ਮਾਛੀਵਾੜਾ ਅਨਾਜ ਮੰਡੀ ਵਿਚ 1 ਲੱਖ 82 ਹਜ਼ਾਰ 888 ਕੁਇੰਟਲ ਕਣਕ ਦੀ ਖਰੀਦ ਹੋ ਚੁੱਕੀ ਹੈ ਜਦਕਿ ਕਰੀਬ 2 ਹਜ਼ਾਰ ਕੁਇੰਟਲ ਫਸਲ ਮੰਡੀ ਵਿਚ ਵਿਕਣ ਲਈ ਪਈ ਹੈ। ਮੰਡੀ ’ਚੋਂ 1 ਲੱਖ 47 ਹਜ਼ਾਰ 558 ਕੁਇੰਟਲ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ ਜਦਕਿ 33 ਹਜ਼ਾਰ ਕੁਇੰਟਲ ਝੋਨਾ ਲਿਫਟਿੰਗ ਲਈ ਬਕਾਇਆ ਮੰਡੀਆਂ ਦੇ ਫੜ੍ਹਾਂ ਵਿਚ ਪਿਆ ਹੈ। ਕਿਸਾਨਾਂ ਵਲੋਂ ਹੁਣ ਖੁਸ਼ਕ ਮੌਸਮ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਕਦੋਂ ਮੌਸਮ ਸਾਫ਼ ਹੋਵੇ ਅਤੇ ਝੋਨੇ ਦੇ ਖੇਤਾਂ ਵਿਚ ਖੜ੍ਹਾ ਪਾਣੀ ਸੁੱਕੇ ਤਾਂ ਜੋ ਉਹ ਕੰਬਾਇਨਾਂ ਰਾਹੀਂ ਫਸਲ ਕਟਾਈ ਦਾ ਕੰਮ ਮੁੜ ਸ਼ੁਰੂ ਕੀਤਾ ਜਾ ਸਕੇ।
+
Advertisement
Advertisement
Advertisement
Advertisement
Advertisement
×