ਲੈਂਡ ਪੂਲਿੰਗ ਨੀਤੀ ਦੇ ਖਿਲਾਫ ਸ਼ੰਘਰਸ਼ ਦੀ ਰੂਪ ਰੇਖਾ ਤਿਆਰ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲਾ ਜਰਨਲ ਸਕੱਤਰ ਪ੍ਰਗਟ ਸਿੰਘ ਕੋਟ ਪਨੈਚ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਲਿਆਂਦੀ ਲੈਂਡ ਪੂਲਿੰਗ ਦੀ ਨੀਤੀ ਆਮ ਆਦਮੀ ਪਾਰਟੀ ਦੇ ਅੰਤ ਦਾ ਮੁੱਢ ਬੰਨ੍ਹੇਗੀ, ਜਿਸ ਖ਼ਿਲਾਫ਼ ਸੰਘਰਸ਼ ਕਰਨ ਦੀ ਰੂਪ ਰੇਖਾ ਵੀ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਦਮ-ਕਦਮ ਤੇ ਝੂਠ ਬੋਲ ਰਹੀ ਹੈ, ਇੱਕ ਪਾਸੇ ਕਿਸਾਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਲੈਂਡ ਪੂਲਿੰਗ ਨੀਤੀ ਕਿਸਾਨਾਂ ਦੀ ਸਵੈ ਇੱਛਾ ਤੇ ਨਿਰਭਰ ਹੈ, ਜੇਕਰ ਉਹ ਦੇਣਾ ਨਹੀਂ ਚਾਹੁੰਦੇ ਤਾਂ ਸਰਕਾਰ ਨਹੀਂ ਲਵੇਗੀ, ਪਰ ਦੂਸਰੇ ਪਾਸੇ ਇਸਦੇ ਨੋਟੀਫਿਕੇਸ਼ਨ 'ਚ ਇਹ ਕਿਹਾ ਗਿਆ ਹੈ ਕਿ ਜੇਕਰ ਕਿਸੇ ਕਿਸਾਨ ਨੇ ਜ਼ਮੀਨ ਦੇਣ ਤੋਂ ਇਨਕਾਰ ਕੀਤਾ ਤਾਂ ਸਰਕਾਰ ਕੇਂਦਰ ਸਰਕਾਰ ਦੇ ਜ਼ਮੀਨ ਐਕਵਾਇਰ ਐਕਟ 2013 ਅਨੁਸਾਰ ਕਿਸਾਨਾਂ ਦੀ ਇਸ ਜ਼ਮੀਨ ਨੂੰ ਅਕਵਾਇਰ ਕਰ ਲਵੇਗੀ।
ਇਸੇ ਤਰ੍ਹਾਂ ਸਬੰਧਤ ਇਲਾਕਿਆਂ ਵਿਚ ਕਿਸਾਨਾਂ ਨੂੰ ਸੀਐੱਲਯੂ (ਜ਼ਮੀਨ ਦੀ ਵਰਤੋਂ ਚ ਤਬਦੀਲੀ ਦਾ) ਸਰਟੀਫਿਕੇਟ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਦੱਸ ਦੇਈਏ ਕਿ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਕਿਸਾਨਾਂ ਤੋਂ ਉਹਨਾਂ ਦੀ ਜ਼ਮੀਨ ਲੈ ਕੇ ਉਸਦਾ ਸਿਰਫ਼ ਚੌਥਾ ਹਿੱਸਾ ਉਹਨਾਂ ਨੂੰ ਵਾਪਸ ਕੀਤਾ ਜਾਣਾ ਹੈ, ਜਦੋਂ ਕਿ 60% ਸੜਕਾਂ ਆਦਿ ਦੀ ਡਿਵੈਲਪਮੈਂਟ ਦੇ ਖਰਚਿਆਂ ਦੇ ਨਾਮ ਤੇ ਕਿਸਾਨਾਂ ਕੋਲੋਂ ਕਰੋੜਾਂ ਰੁਪਏ ਲਏ ਜਾਣੇ ਹਨ। ਉਹਨਾਂ ਦੋਸ਼ ਲਗਾਇਆ ਕਿ ਸਰਕਾਰ ਵੱਡੇ ਬਿਲਡਰਾਂ ਨੂੰ ਉਪਜਾਊ ਜ਼ਮੀਨ ਕੋਡੀਆਂ ਦੇ ਭਾਅ ਤੇ ਲੁੱਟਾਉਣਾ ਚਾਹੁੰਦੀ ਹੈ, ਪਰ ਪੰਜਾਬ ਦੇ ਕਿਸਾਨ ਮਜ਼ਦੂਰ ਅਜਿਹਾ ਹਰਗਿਜ਼ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਨੋਟੀਫਿਕੇਸ਼ਨ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ 30 ਜੁਲਾਈ ਨੂੰ ਸਬੰਧਿਤ ਪਿੰਡਾਂ ਵਿਚ ਟਰੈਕਟਰ ਮਾਰਚ ਕੀਤਾ ਜਾਵੇਗਾ। ਅਗਲੇ ਦਿਨਾਂ ਚ 24 ਅਗਸਤ ਨੂੰ " ਜ਼ਮੀਨ ਬਚਾਓ, ਪਾਣੀ ਬਚਾਓ ਅਤੇ ਪਿੰਡ ਬਚਾਓ" ਦੇ ਬੈਨਰ ਹੇਠ ਮੁੱਲਾਂਪੁਰ 'ਚ ਇੱਕ ਵੱਡੀ ਮਹਾਂ ਪੰਚਾਇਤ ਕਰਕੇ ਅੰਦੋਲਨ ਦੇ ਅਗਲੇ ਪੜਾਅ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ।
ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਪੰਜਾਬ ਪੂਰੇ ਦੇਸ਼ ਦੀ ਰੱਖਿਆ ਲਈ ਜਾਣਿਆ ਜਾਂਦਾ ਸੂਬਾ ਹੈ, ਸਰਕਾਰ ਮੱਤ ਭੁੱਲੇ ਕਿ ਸੂਰਬੀਰ ਕੌਮ ਨਾਲ਼ ਮੱਥਾ ਲਾਕੇ ਆਪਣੀਆਂ ਤਿਜੌਰੀਆਂ ਭਰਨ ਚ ਕਾਮਯਾਬ ਹੋ ਜਾਊ। ਇਸ ਮੌਕੇ ਬੇਅੰਤ ਸਿੰਘ ਹੋਲ, ਬਹਾਦਰ ਸਿੰਘ ਤੇ ਬਲਜਿੰਦਰ ਸਿੰਘ ਭੋਲਾ ਰਾਏਪੁਰ ਰਾਜਪੂਤਾਂ ਤੋਂ ਇਲਾਵਾ ਹੋਰ ਵੀ ਮੌਜੂਦ ਸਨ।