ਫਿਰੋਜ਼ਪੁਰ ਰੋਡ ਐਲੀਵੇਟਿਡ ਪੁਲ ’ਤੇ ਅੱਜ ਸਵੇਰੇ ਬ੍ਰੈੱਡ ਕੰਪਨੀ ਦੇ ਟਰੱਕ ਦੀਆਂ ਬਰੇਕਾਂ ਫੇਲ੍ਹ ਹੋ ਗਈਆਂ, ਜਿਸ ਕਾਰਨ ਤੇਜ਼ ਰਫ਼ਤਾਰ ਟਰੱਕ ਐਲੀਵੇਟਿਡ ਪੁਲ ’ਤੇ ਹੀ ਪਲਟ ਗਿਆ। ਹਾਦਸੇ ਤੋਂ ਬਾਅਦ ਦੋਵੇਂ ਪਾਸੇ ਵਾਹਨ ਰੁਕ ਗਏ ਅਤੇ ਲੋਕਾਂ ਨੇ ਡਰਾਈਵਰ ਨੂੰ ਕਿਸੇ ਤਰੀਕੇ ਬਾਹਰ ਕੱਢਿਆ। ਜ਼ਖਮੀ ਡਰਾਈਵਰ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ। ਸੜਕ ਵਿਚਾਲੇ ਹੀ ਟਰੱਕ ਪਲਟਣ ਕਾਰਨ ਸਵੇਰ ਦਾ ਸਮਾਂ ਹੋਣ ਕਾਰਨ ਟਰੈਫਿਕ ਜਾਮ ਲੱਗ ਗਿਆ। ਵਾਹਨਾਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਸੂਚਨਾ ਮਿਲਣ ਤੋਂ ਬਾਅਦ ਟਰੈਫਿਕ ਪੁਲੀਸ ਮੌਕੇ ’ਤੇ ਪਹੁੰਚੀ। ਉਨ੍ਹਾਂ ਨੇ ਟਰੈਫਿਕ ਨੂੰ ਹਟਾਉਣ ਲਈ ਕਾਫ਼ੀ ਮਿਹਨਤ ਕੀਤੀ। ਕਰੇਨ ਦੀ ਮਦਦ ਦੇ ਨਾਲ ਟਰੱਕ ਨੂੰ ਸਿੱਧਾ ਕੀਤਾ ਗਿਆ ਤੇ ਫਿਰ ਟਰੈਫਿਕ ਵਿਵਸਥਾ ਸੁਚਾਰੂ ਢੰਗ ਨਾਲ ਸ਼ੁਰੂ ਹੋ ਸਕੀ।
ਜਾਣਕਾਰੀ ਮੁਤਾਬਕ ਬੋਨ ਬ੍ਰੈੱਡ ਕੰਪਨੀ ਦਾ ਟਰੱਕ ਮੁੱਲਾਂਪੁਰ ਤੋਂ ਕੋਹਾੜਾ ਵੱਲ ਆ ਰਿਹਾ ਸੀ, ਰਸਤੇ ਵਿੱਚ ਫਿਰੋਜ਼ਪੁਰ ਰੋਡ ’ਤੇ ਬਣੇ ਐਲੀਵੇਟਿਡ ਪੁਲ ’ਤੇ ਟਰੱਕ ਦੀਆਂ ਬਰੇਕਾਂ ਫੇਲ੍ਹ ਹੋ ਗਈਆਂ। ਤੇਜ਼ ਰਫ਼ਤਾਰ ਵਿੱਚ ਜਦੋਂ ਡਰਾਈਵਰ ਨੇ ਬਰੇਕ ਮਾਰੀ ਪਰ ਅਸਫਲ ਰਿਹਾ। ਬੇਕਾਬੂ ਟਰੱਕ ਸੜਕ ਵਿਚਾਲੇ ਹੀ ਪਲਟ ਗਿਆ। ਜਿਸ ਸਮੇਂ ਇਹ ਹਾਦਸ ਵਾਪਰਿਆ, ਉਸ ਸਮੇਂ ਕੋਈ ਵੀ ਵਾਹਨ ਟਰੱਕ ਨੇੜੇ ਨਹੀਂ ਸੀ ਜਿਸ ਕਾਰਨ ਵੱਡਾ ਨੁਕਸਾਨ ਹੋਣੋਂ ਬਚਾਅ ਰਿਹਾ। ਟਰੱਕ ਪਲਟਣ ਕਾਰਨ ਪੁਲ ’ਤੇ ਲੰਮਾ ਜਾਮ ਲੱਗ ਗਿਆ। ਸੂਚਨਾ ਮਿਲਣ ’ਤੇ ਸਬ-ਇੰਸਪੈਕਟਰ ਸੁਨੀਤਾ ਦੀ ਅਗਵਾਈ ਵਾਲੀ ਇੱਕ ਟੀਮ ਪਹੁੰਚੀ, ਜਿਨ੍ਹਾਂ ਨੇ ਕਾਫ਼ੀ ਮਿਹਨਤ ਤੋਂ ਬਾਅਦ ਵਾਹਨਾਂ ਦੀ ਆਵਾਜਾਈ ਸ਼ੁਰੂ ਕਰਵਾਈ। ਸਬ-ਇੰਸਪੈਕਟਰ ਸੁਨੀਤਾ ਨੇ ਦੱਸਿਆ ਕਿ ਡਰਾਈਵਰ ਹਸਪਤਾਲ ਇਲਾਜ ਲਈ ਗਿਆ ਸੀ, ਉਸ ਕਰਕੇ ਹਾਲੇ ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲ ’ਤੇ ਇੱਕ ਖੰਭਾ ਟੁੱਟ ਗਿਆ ਹੈ ਅਤੇ ਕਰੈਸ਼ ਬੈਰੀਅਰ ਟੁੱਟ ਗਏ ਹਨ। ਫਿਲਹਾਲ, ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਕਰੇਨ ਦੀ ਮਦਦ ਨਾਲ ਟਰੱਕ ਨੂੰ ਸੜਕ ਤੋਂ ਹਟਾ ਦਿੱਤਾ ਗਿਆ ਹੈ।

