ਨੇੜਲੇ ਸਿੱਧਵਾਂ ਖੁਰਦ ਸਥਿਤ ਜੀਐੱਚਜੀ ਇੰਸਟੀਚਿਊਟ ਆਫ ਲਾਅ ਵਿੱਚ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ. ਸ਼ਵੇਤਾ ਢੰਡ ਦੀ ਅਗਵਾਈ ਹੇਠ ਬੀਏ, ਐੱਲਐੱਲਬੀ (ਆਨਰਜ਼) ਦੇ ਵਿਦਿਆਰਥੀਆਂ ਲਈ ਦੋ ਰੋਜ਼ਾ ਓਰੀਐਂਟੇਸ਼ਨ/ਪ੍ਰੇਰਨਾ ਸੈਸ਼ਨ ਕਰਵਾਇਆ ਗਿਆ। ਪਹਿਲੇ ਦਿਨ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਅਤੇ ਅਮਨ-ਸਮ੍ਰਿੱਧੀ ਲਈ ਅਸੀਸਾਂ ਪ੍ਰਾਪਤ ਕਰਨ ਵਾਸਤੇ ਕੈਂਪਸ ਅੰਦਰ ਸਥਿਤ ਗੁਰਦੁਆਰਾ ਸਾਹਿਬ ਵਿੱਚ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ।
ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਡਾ. ਸ਼ਵੇਤਾ ਢੰਡ ਨੇ ਉਨ੍ਹਾਂ ਨੂੰ ਕਾਲਜ, ਇਸ ਦੀਆਂ ਵੱਖ-ਵੱਖ ਕਮੇਟੀਆਂ, ਐਂਟੀ-ਰੈਗਿੰਗ ਸੈੱਲ, ਸਟੂਡੈਂਟ ਗ੍ਰੀਵੈਂਸ ਰੀਡਰੈੱਸਲ ਸੈੱਲ, ਇੰਟਰਨਲ ਕੈਂਪਲੇਂਟ ਕਮੇਟੀ ਤੇ ਉਨ੍ਹਾਂ ਦੇ ਕਾਰਜ, ਪ੍ਰੋਗਰਾਮ ਨਤੀਜੇ, ਸੰਸਥਾ ਦਾ ਅਕਾਦਮਿਕ ਪਿਛੋਕੜ, ਵਿਲੱਖਣ ਵਿਸ਼ੇਸ਼ਤਾਵਾਂ ਅਤੇ ਕੋਰਸ ਦੇ ਉਦੇਸ਼ਾਂ ਨਾਲ ਜਾਣੂ ਕਰਵਾਇਆ। ਦੂਜੇ ਦਿਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਮਾਨਯੋਗ ਜਸਟਿਸ (ਸੇਵਾਮੁਕਤ) ਬਾਵਾ ਸਿੰਘ ਵਾਲੀਆ ਨੇ ਸ਼ਿਰਕਤ ਕੀਤੀ, ਜਦਕਿ ਡਾਇਰੈਕਟਰ ਡਾ. ਆਸ਼ੀਸ਼ ਵਿਰਕ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਪ੍ਰੋ. ਵਿਰਕ ਨੇ ਕਾਨੂੰਨੀ ਸਿੱਖਿਆ ਨੂੰ ਮਨੁੱਖੀ ਮੁੱਲਾਂ ਨਾਲ ਜੋੜਦਿਆਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਫਰਜ਼ਾਂ ਅਤੇ ਵਿਦਿਆਰਥੀ ਜੀਵਨ ਦੇ ਆਚਰਣ ਬਾਰੇ ਜਾਣੂ ਕਰਵਾਇਆ। ਗੁਰੂ ਹਰਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੇ ਪ੍ਰਧਾਨ ਕ੍ਰਿਪਾਲ ਸਿੰਘ ਭੱਠਲ ਨੇ ਨਵੇਂ ਸੈਸ਼ਨ ਦੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਭੇਜੀਆਂ। ਇਸ ਸਮੇਂ ਪ੍ਰਬੰਧਕੀ ਮੰਡਲ ਦੇ ਸਕੱਤਰ ਪ੍ਰੀਤਮ ਸਿੰਘ ਜੌਹਲ, ਮੈਨੇਜਰ ਡਾ. ਜੀਐਸ ਗਰੇਵਾਲ ਅਤੇ ਜਰਨੈਲ ਸਿੰਘ ਢਿੱਲੋਂ ਵੀ ਹਾਜ਼ਰ ਸਨ।