ਅਲੀਗੜ੍ਹ ਤੇ ਪੋਨਾ ’ਚ ਲੈਂਡ ਪੂਲਿੰਗ ਨੀਤੀ ਦੇ ਫਾਇਦੇ ਦੱਸਣ ਪੁੱਜੇ ਅਧਿਕਾਰੀਆਂ ਦਾ ਵਿਰੋਧ
ਨੇੜਲੇ ਪਿੰਡ ਮਲਕ ਤੋਂ ਬਾਅਦ ਸਰਕਾਰੀ ਅਧਿਕਾਰੀ ਲੈਂਡ ਪੂਲਿੰਗ ਨੀਤੀ ਦੇ ਫਾਇਦੇ ਦੱਸਣ ਲਈ ਅੱਜ ਪਿੰਡ ਅਲੀਗੜ੍ਹ ਤੇ ਪੋਨਾ ਪੁੱਜੇ। ਦੋਵੇਂ ਪਿੰਡਾਂ ਵਿੱਚ ਇਨ੍ਹਾਂ ਅਧਿਕਾਰੀਆਂ ਦਾ ਕਿਸਾਨਾਂ ਨੇ ਵਿਰੋਧ ਕੀਤਾ। ਰੋਸ ਵਜੋਂ ਕਿਸਾਨਾਂ ਨੇ ਕਾਲੀਆਂ ਝੰਡੀਆਂ ਵੀ ਦਿਖਾਈਆਂ। ਭਰਵੀਂ ਗਿਣਤੀ ਵਿੱਚ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜੀ ਖੜ੍ਹੇ ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਰਪੰਚ ਹਰਦੀਪ ਸਿੰਘ ਲਾਲੀ ਅਲੀਗੜ੍ਹ ਅਤੇ ਸਾਬਕਾ ਸਰਪੰਚ ਨਿਰਭੈ ਸਿੰਘ ਸਿੱਧੂ ਦੀ ਅਗਵਾਈ ਹੇਠ ਕਿਸਾਨਾਂ ਨੇ ਕਿਹਾ ਕਿ ਉਹ ਅੰਨਦਾਤਾ ਕਹਾਉਂਦੇ ਹਨ ਪਰ ਕਮਲੇ ਨਹੀਂ ਹਨ। ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਫਾਇਦੇ ਦੱਸਣ ਆਏ ਇਨ੍ਹਾਂ ਅਧਿਕਾਰੀਆਂ ਨੂੰ ਉਲਟਾ ਕਿਸਾਨਾਂ ਨੇ ਦੱਸਣਾ ਸ਼ੁਰੂ ਕਰ ਦਿੱਤਾ ਕਿ ਇਸ ਨੀਤੀ ਨਾਲ ਕੀ-ਕੀ ਨੁਕਸਾਨ ਹੋਣ ਵਾਲਾ ਹੈ।
ਉਨ੍ਹਾਂ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਜਿਵੇਂ ਦਿੱਲੀ ਅੰਦੋਲਨ ਰਾਹੀਂ ਮੋਦੀ ਹਕੂਮਤ ਨੂੰ ਝੁਕਾ ਕੇ ਵਾਪਸ ਕਰਵਾਇਆ ਓਵੇਂ ਹੀ ਲੈਂਡ ਪੂਲਿੰਗ ਨੀਤੀ ਰੱਦ ਕਰਵਾਈ ਜਾਵੇਗੀ। ਕਿਸਾਨਾਂ ਨੇ ਕਿਹਾ ਕਿ ਇਹ ਨੀਤੀ ਦਿੱਲੀ ਤੋਂ ਹਾਰ ਕੇ ਪੰਜਾਬ ਵਿੱਚ ਚੌਧਰ ਕਰਨ ਆਏ ਅਰਵਿੰਦ ਕੇਜਰੀਵਾਲ ਦਿਮਾਗ ਦੀ ਉਪਜ ਹੈ। ਉਹ ਆਪਣੇ ਫਾਇਦੇ ਲਈ ਇਸ ਨੀਤੀ ਤਹਿਤ ਕਾਰਪੋਰੇਟਾਂ ਤੇ ਵੱਡੇ ਕਲੋਨਾਈਜਰਾਂ ਨੂੰ ਮਾਲਾਮਲ ਕਰਨਾ ਚਾਹੁੰਦੇ ਹਨ ਜਦਕਿ ਕਿਸਾਨ ਤੇ ਮਜ਼ਦੂਰਾਂ ਨੂੰ ਭਿਖਾਰੀ ਬਣਾ ਦੇਣਗੇ। ਇਹ ਨੀਤੀ ਅਸਲ ਵਿੱਚ ਮੋਦੀ ਦੇ ਖੇਤੀ ਸਬੰਧੀ ਕਾਲੇ ਕਾਨੂੰਨਾਂ ਦੀ ਨਵੀ ਸ਼ਕਲ ਹੈ। ਮੋਦੀ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਲਾਗੂ ਕਰਕੇ ਸਾਡੀ ਖੇਤੀ ਨੂੰ ਬਰਬਾਦ ਕਰੇਗਾ ਅਤੇ ਭਗਵੰਤ ਮਾਨ ਕਿਸਾਨਾਂ ਦੀਆ ਜ਼ਮੀਨਾਂ ਵੱਡੇ ਮੁਨਾਫੇਖੋਰਾਂ ਦੇ ਹਵਾਲੇ ਕਰਕੇ ਮੌਤ ਦੇ ਮੁੰਹ ਵਿੱਚ ਸੁੱਟੇਗਾ। ਮੌਕੇ ’ਤੇ ਪਿੰਡ ਵਾਸੀਆਂ ਵੱਲੋਂ ਪਾਏ ਮਤੇ ਅਧਿਕਾਰੀਆਂ ਨੂੰ ਸੌਂਪੇ ਗਏ। ਇਸ ਸਮੇਂ ਪੀੜਤ ਕਿਸਾਨ ਤੇ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਆਗੂ ਦੀਦਾਰ ਸਿੰਘ ਮਲਕ ਨੇ ਕਿਹਾ ਕਿ ਤਿੰਨੇ ਪਿੰਡ ਗਲਾਡਾ ਦਫ਼ਤਰ ਮੂਹਰੇ ਚੱਲ ਰਹੇ ਨਿਰੰਤਰ ਧਰਨੇ ਵਿੱਚ ਵਾਰੀ ਸਿਰ ਸ਼ਾਮਲ ਹੋ ਰਹੇ ਹਨ। 30 ਜੁਲਾਈ ਦੇ ਟਰੈਕਟਰ ਮਾਰਚ ਵਿੱਚ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਇਲਾਕੇ ਭਰ ਵਿੱਚ ਲਾਮਿਸਾਲ ਟਰੈਕਟਰ ਮਾਰਚ ਕੱਢ ਕੇ ਪੰਜਾਬ ਸਰਕਾਰ ਦੀ ਨੀਂਦ ਹਰਾਮ ਕੀਤੀ ਜਾਵੇਗੀ।
ਇਸ ਲਈ ਪਿੰਡਾਂ ਅੰਦਰ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਇਸ ਸਮੇਂ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ, ਸਰਪੰਚ ਜਗਤਾਰ ਸਿੰਘ ਮਲਕ, ਸਾਬਕਾ ਸਰਪੰਚ ਬਲਵੀਰ ਸਿੰਘ ਮਲਕ, ਹਰਜੋਤ ਸਿੰਘ ਉੱਪਲ, ਬੂਟਾ ਸਿੰਘ ਢਿੱਲੋਂ, ਹਰਮੇਲ ਸਿੰਘ ਗਰੇਵਾਲ, ਜਗਦੇਵ ਸਿੰਘ ਮਾਨ, ਸ਼ਮਿੰਦਰ ਸਿੰਘ ਢਿੱਲੋਂ, ਜਗਰਾਜ ਸਿੰਘ, ਧਨਵੰਤ ਸਿੰਘ, ਗੁਰਿੰਦਰ ਸਿੰਘ, ਬਲਜੀਤ ਸਿੰਘ ਪੋਨਾ, ਜਤਿੰਦਰ ਨੰਬਰਦਾਰ, ਗਗਨ ਜਵੰਦਾ, ਬਲਬੀਰ ਸਿੰਘ ਅਗਵਾੜ ਲੋਪੋ ਤੇ ਹੋਰ ਹਾਜ਼ਰ ਸਨ।