ਅਪਰੇਸ਼ਨ ਕਾਸੋ: ਲੁਧਿਆਣਾ ਦੇ ਪਿੰਡਾਂ ’ਚ ਪੁਲੀਸ ਵੱਲੋਂ ਤਲਾਸ਼ੀ
ਨਸ਼ੇ ਲਈ ਮਸ਼ਹੂਰ ਪਿੰਡ ਤਲਵੰਡੀ ਵਿੱਚ ਅੱਜ ਸਵੇਰੇ ਸਪੈਸ਼ਲ ਡੀਜੀਪੀ ਗੁਰਪ੍ਰੀਤ ਦਿਓ ਤੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਸੈਂਕੜੇ ਪੁਲੀਸ ਮੁਲਾਜ਼ਮਾਂ ਦੇ ਨਾਲ ਸਰਚ ਆਪਰੇਸ਼ਨ ਚਲਾਇਆ। ਪੁਲੀਸ ਮੁਲਾਜ਼ਮਾਂ ਨੇ ਇਸ ਪਿੰਡ ਵਿੱਚ ਘਰ ਘਰ ਜਾ ਕੇ ਤਲਾਸ਼ੀ ਲਈ। ਪੁਲੀਸ ਨੇ ਇੱਥੋਂ ਕਈ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਕਈ ਘੰਟਿਆਂ ਤੱਕ ਸਪੈਸ਼ਲ ਡੀਜੀਪੀ ਸਣੇ ਪੁਲੀਸ ਮੁਲਾਜ਼ਮ ਪਿੰਡ ਦੀਆਂ ਗਲੀਆਂ ਵਿੱਚ ਹੀ ਘੁੰਮਦੇ ਰਹੇ ਤੇ ਸ਼ੱਕੀ ਲੋਕਾਂ ਦੇ ਘਰ ਘਰ ਜਾ ਕੇ ਤਲਾਸ਼ੀ ਲਈ।
ਥਾਣਾ ਲਾਡੋਵਾਲ ਅਧੀਨ ਆਉਂਦਾ ਤਲਵੰਡੀ ਪਿੰਡ ਨਸ਼ੇ ਦੇ ਕਾਰੋਬਾਰ ਲਈ ਕਾਫ਼ੀ ਬਦਨਾਮ ਹੈ। ਇਸ ਇਲਾਕੇ ਦੇ ਬਹੁਤ ਸਾਰੇ ਲੋਕ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹਨ। ਸਪੈਸ਼ਲ ਡੀਜੀਪੀ ਗੁਰਪ੍ਰੀਤ ਦਿਓ ਦੀ ਅਗਵਾਈ ਹੇਠ ਪੁਲੀਸ ਫੋਰਸ ਬੁੱਧਵਾਰ ਸਵੇਰੇ 9 ਵਜੇ ਪਿੰਡ ਪਹੁੰਚੀ ਅਤੇ ਪਿੰਡ ਦੇ ਸਰਪੰਚ ਦੀ ਮੌਜੂਦਗੀ ਵਿੱਚ ਕਈ ਘਰਾਂ ਦੀ ਤਲਾਸ਼ੀ ਲਈ ਗਈ। ਸਪੈਸ਼ਲ ਡੀਜੀਪੀ ਗੁਰਪ੍ਰੀਤ ਦਿਓ ਨੇ ਦੱਸਿਆ ਕਿ ਹੁਣ ਤੱਕ ਲੁਧਿਆਣਾ ਵਿੱਚ 14 ਨਸ਼ਾ ਤਸਕਰਾਂ ਦੇ ਘਰਾਂ ’ਤੇ ਜੇਸੀਬੀ ਚਲਾਈ ਜਾ ਚੁੱਕੀ ਹੈ। ਅੱਜ ਤਲਵੰਡੀ ਪਿੰਡ ਦੇ ਉਨ੍ਹਾਂ ਘਰਾਂ ਦੀ ਤਲਾਸ਼ੀ ਲਈ ਗਈ ਹੈ ਜੋ ਸ਼ੱਕੀ ਹਨ। ਜਿਨ੍ਹਾਂ ਦੇ ਨਾਮ ਪੁਲੀਸ ਦੀ ਲਿਸਟ ਵਿੱਚ ਸ਼ਾਮਲ ਹਨ। ਪੁਲੀਸ ਨੇ ਪਿੰਡ ਵਿੱਚੋਂ 3 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਤੋਂ ਚਿੱਟਾ ਵੀ ਬਰਾਮਦ ਕੀਤਾ ਹੈ। ਇਸ ਪਿੰਡ ਵਿੱਚ 26 ਮੁੱਖ ਤਸਕਰ ਹਨ ਜੋ ਨਸ਼ੇ ਦੀ ਸਪਲਾਈ ਕਰਦੇ ਹਨ। ਬਾਕੀ ਤਸਕਰਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਹ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ 1 ਮਾਰਚ ਤੋਂ ਹੁਣ ਤੱਕ ਨਸ਼ਾ ਤਸਕਰੀ ਦੇ 570 ਮਾਮਲੇ ਦਰਜ ਕੀਤੇ ਗਏ ਹਨ। 700 ਨਸ਼ਾ ਤਸਕਰਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਕਈ ਨਸ਼ਾ ਤਸਕਰਾਂ ਦੀਆਂ ਜ਼ਮੀਨਾਂ ਵੀ ਫਰੀਜ਼ ਕਰ ਦਿੱਤੀਆਂ ਗਈਆਂ ਹਨ। ਕਈ ਮਾਮਲਿਆਂ ਵਿੱਚ ਜਾਇਦਾਦ ਕੁਰਕ ਕਰਨ ਲਈ ਦਸਤਾਵੇਜ਼ ਦਿੱਲੀ ਭੇਜੇ ਗਏ ਹਨ, ਜਿਨ੍ਹਾਂ ਵਿੱਚੋਂ 3.5 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰਨ ਦੀ ਪ੍ਰਵਾਨਗੀ ਮਿਲ ਗਈ ਹੈ। ਪੰਜਾਬ ਵਿੱਚ 7 ਲੱਖ ਲੋਕ ਨਸ਼ੇ ਦੇ ਆਦੀ ਹਨ। ਸਪੈਸ਼ਲ ਟਾਸਕ ਫੋਰਸ ਇਸ ’ਤੇ ਕੰਮ ਕਰ ਰਹੀ ਹੈ। ਸੂਚੀਆਂ ਬਣਾਈਆਂ ਗਈਆਂ ਹਨ ਅਤੇ ਸੂਚੀਆਂ ਸਾਰੇ ਜ਼ਿਲਿ੍ਹਆਂ ਦੇ ਅਧਿਕਾਰੀਆਂ ਨੂੰ ਭੇਜ ਦਿੱਤੀਆਂ ਗਈਆਂ ਹਨ। ਜਿਨ੍ਹਾਂ ਦੇ ਲਈ ਕੰਮ ਕੀਤਾ ਜਾ ਰਿਹਾ ਹੈ।