ਪੰਜਾਬੀ ਹੀ ਪੰਜਾਬ ਨੂੰ ਹੜ੍ਹਾਂ ਤੋਂ ਬਚਾਉਣਗੇ: ਸੁਖਬੀਰ
ਫੱਸੇ ਦੇ ਸਰਪੰਚ ਨੂੰ ਰਾਹਤ ਕਾਰਜਾਂ ਲਈ 3 ਲੱਖ ਰੁਪਏ ਦਿੱਤੇ
ਲੁਧਿਆਣਾ ਤੇ ਰੋਪੜ ਜ਼ਿਲੇ ਦੀ ਹੱਦਾਂ ਨੂੰ ਜੋੜਦਾ ਪਿੰਡ ਫੱਸੇ ਵਿੱਚ ਸਤਲੁਜ ਦਰਿਆ ਦੇ ਨਾਜ਼ੁਕ ਸਥਾਨ ਧੁੱਸੀ ਬੰਨ੍ਹ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੌਰਾ ਕਰਨ ਆਏ ਜਿੱਥੇ ਉਨ੍ਹਾਂ ਪਿੰਡ ਦੇ ਲੋਕਾਂ ਤੋਂ ਮੌਕੇ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਸਾਡਾ ਸੂਬਾ ਹੜ੍ਹਾਂ ਕਾਰਨ ਬਹੁਤ ਹੀ ਨਾਜ਼ੁਕ ਦੌਰ ’ਚੋਂ ਗੁਜ਼ਰ ਰਿਹਾ ਹੈ ਪਰ ਧੁੱਸੀ ਬੰਨ੍ਹ ’ਤੇ ਲੋਕਾਂ ਦਾ ਹਜ਼ੂਮ ਦੇਖ ਕੇ ਇਹ ਸਪੱਸ਼ਟ ਹੋ ਗਿਆ ਹੈ ਕਿ ਅੱਜ ਪੰਜਾਬ ਨੂੰ ਹੜ੍ਹਾਂ ਤੋਂ ਪੰਜਾਬੀ ਹੀ ਬਚਾਉਣਗੇ ਕਿਉਂਕਿ ਹੁਣ ਉਹ ਸਰਕਾਰਾਂ ਤੋਂ ਆਸ ਛੱਡ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬੀਤੀ ਰਾਤ ਇਸ ਬੰਨ੍ਹ ’ਤੇ ਸਥਿਤੀ ਬੜੀ ਨਾਜ਼ੁਕ ਹੋ ਗਈ ਸੀ ਅਤੇ ਸੂਚਨਾਵਾਂ ਆ ਰਹੀਆਂ ਸਨ ਕਿ ਬੰਨ੍ਹ ਕਿਸੇ ਸਮੇਂ ਵੀ ਟੁੱਟ ਸਕਦਾ ਹੈ ਪਰ ਇਸ ਇਲਾਕੇ ਦੇ ਲੋਕ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਹੰਭਲਾ ਮਾਰ ਕੇ ਇਸ ਨੂੰ ਬਚਾ ਲਿਆ।
ਉਨ੍ਹਾਂ ਕਿਹਾ ਕਿ ਇਲਾਕੇ ਦੀ ਸੰਗਤ 24 ਘੰਟੇ ਇੱਥੇ ਬੋਰੀਆਂ ਲਗਾ ਕੇ ਬੰਨ੍ਹ ਨੂੰ ਬਚਾ ਰਹੀ ਹੈ। ਪਿੰਡਾਂ ਤੇ ਧਾਰਮਿਕ ਸੰਸਥਾਵਾਂ ਦੇ ਲੋਕਾਂ ਵਲੋਂ ਲੰਗਰ ਲਗਾਏ ਜਾ ਰਹੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਅਸੀਂ ਇਸ ਧੁੱਸੀ ਬੰਨ੍ਹ ਨੂੰ ਬਚਾਉਣ ਲਈ ਪਿੰਡਾਂ ਦੇ ਲੋਕਾਂ ਦਾ ਸਾਥ ਦੇਈਏ ਅਤੇ ਖਾਸ ਕਰ ਪੰਜਾਬ ਦੇ ਵੱਡੇ ਉਦਯੋਗਿਕ ਘਰਾਣੇ ਲੋਕਾਂ ਦੀ ਜਾਨ, ਮਾਲ ਦੀ ਰਾਖੀ ਲਈ ਇੱਥੇ ਰਾਹਤ ਸਮੱਗਰੀ ਪਹੁੰਚਾਉਣ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਅਨੁਸਾਰ ਉਨ੍ਹਾਂ ਨੂੰ ਜਿੱਥੇ ਟ੍ਰੈਕਟਰ, ਟਰਾਲੀਆਂ ਤੇ ਮਸ਼ੀਨਾਂ ਵਿਚ ਡੀਜ਼ਲ ਪਵਾਉਣ ਅਤੇ ਬੋਰੀਆਂ ਖਰੀਦਣ ਲਈ ਆਰਥਿਕ ਸਹਾਇਤਾ ਦੀ ਲੋੜ ਹੈ ਉੱਥੇ ਵੱਧ ਤੋਂ ਵੱਧ ਨੌਜਵਾਨ ਵੀ ਇੱਥੇ ਆਉਣ ਤਾਂ ਜੋ ਬੰਨ੍ਹ ਨੂੰ ਬਚਾਉਣ ਵਿਚ ਤੇਜ਼ੀ ਲਿਆਂਦੀ ਜਾ ਸਕੇ। ਸੁਖਬੀਰ ਬਾਦਲ ਨੇ ਹਲਕਾ ਸਮਰਾਲਾ ਦੇ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਦੀ ਡਿਊਟੀ ਲਗਾਈ ਕਿ ਉਹ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨ ਅਤੇ ਬਾਦਲ ਵਲੋਂ ਆਪਣੇ ਤੌਰ ’ਤੇ 3 ਲੱਖ ਰੁਪਏ ਸਰਪੰਚ ਨੂੰ ਸੌਂਪੇ ਕਿ ਉਹ ਵਾਹਨਾਂ ਵਿਚ ਤੇਲ ਤੇ ਹੋਰ ਸਮੱਗਰੀ ਖਰੀਦਣ। ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਸਰਕਾਰ ਵਲੋਂ ਹੜ੍ਹਾਂ ਦੇ ਪ੍ਰਬੰਧਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਤਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ, ਇਹ ਲੋਕ ਹੀ ਦੱਸ ਰਹੇ ਨੇ ਕਿ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ।
ਕੇਂਦਰ ਤੇ ਸੂਬਾ ਸਰਕਾਰਾਂ ਨੇ ਹੜ੍ਹ ਪੀੜ੍ਹਤਾਂ ਦੀ ਸਾਰ ਨਾ ਲਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕ ਹੜ੍ਹਾਂ ਦੀ ਮਾਰ ਹੇਠ ਪੂਰੀ ਤਰ੍ਹਾਂ ਆਏ ਹੋਏ ਹਨ। ਜਿੱਥੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਉੱਥੇ ਕਈ ਗਰੀਬਾਂ ਦੇ ਘਰ ਢਹਿ-ਢੇਰੀ ਹੋ ਗਏ। ਉਨ੍ਹਾਂ ਕਿਹਾ ਕਿ ਨਾ ਹੀ ਕੇਂਦਰ ਤੇ ਨਾ ਹੀ ਸੂਬਾ ਸਰਕਾਰ ਨੇ ਹੜ੍ਹ ਪੀੜ੍ਹਤਾਂ ਦੀ ਸਾਰ ਲਈ ਅਤੇ ਅੱਜ ਧੁੱਸੀ ਬੰਨ੍ਹ ’ਤੇ ਕਿਵੇਂ ਲੋਕ ਆਪਣੇ ਪੱਲਿਓਂ ਪੈਸੇ ਖਰਚ ਕੇ ਹੜ੍ਹਾਂ ਤੋਂ ਬਚਾਅ ਲਈ ਜੁਟੇ ਹੋਏ ਹਨ।
ਦਰਿਆਵਾਂ ਵਿੱਚ ਨੁਕਸਾਨ ਨਾਜਾਇਜ਼ ਮਾਈਨਿੰਗ ਕਰਕੇ ਹੋਇਆ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਤਲੁਜ ਦਰਿਆ ਅਤੇ ਹੋਰਨਾਂ ਥਾਵਾਂ ’ਤੇ ਨਾਜਾਇਜ਼ ਮਾਈਨਿੰਗ ਕਾਰਨ ਅੱਜ ਆਮ ਲੋਕਾਂ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਮਾਈਨਿੰਗ ਕਾਰਨ ਦਰਿਆਵਾਂ ਦੇ ਬੰਨ੍ਹ ਨਾਜ਼ੁਕ ਹੋ ਗਏ ਅਤੇ ਲੋਕਾਂ ਨੂੰ ਇਸ ਦਾ ਖੁਮਿਆਜ਼ਾ ਭੁਗਤਣਾ ਪੈ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਇਸ ਪਾਰਟੀ ਦੇ ਵਿਧਾਇਕ ਪਹਿਲੀ ਵਾਰ ਜਿੱਤ ਕੇ ਧੱਕੇਸ਼ਾਹੀਆਂ ’ਤੇ ਉੱਤਰ ਆਏ ਅਤੇ ਬੰਨ੍ਹਾਂ ਨਾਲ ਨਾਜਾਇਜ਼ ਮਾਈਨਿੰਗ ਕੀਤੀ ਜਿਸ ਨਾਲ ਹੁਣ ਖੋਰਾ ਲੱਗ ਰਿਹਾ ਹੈ ਤੇ ਲੋਕਾਂ ਦੀ ਜਾਨ, ਮਾਲ ਦਾ ਖ਼ਤਰਾ ਖੜ੍ਹਾ ਹੋਇਆ ਹੈ।