ਕਾਂਗਰਸ ਹੀ ਪੰਜਾਬ ਨੂੰ ਤਰੱਕੀ ਦੇ ਰਾਹ ਵੱਲ ਲਿਜਾ ਸਕਦੀ ਹੈ: ਅੰਮ੍ਰਿਤਾ ਵੜਿੰਗ
ਕਾਂਗਰਸੀ ਅਾਗੂ ਨੇ ਸਰਾਭਾ ਨਗਰ ਵਿੱਚ ਵਰਕਰ ਮੀਟਿੰਗ ਨੂੰ ਕੀਤਾ ਸੰਬੋਧਨ
ਇਥੇ ਸਰਾਭਾ ਨਗਰ ਵਿੱਚ ਇੱਕ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਅਮ੍ਰਿਤਾ ਵੜਿੰਗ ਨੇ ਕਿਹਾ ਕਿ ਸਿਰਫ ਕਾਂਗਰਸ ਪਾਰਟੀ ਹੀ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਦੀ ਦਿਸ਼ਾ ਵੱਲ ਲਿਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਇੰਡਸਟਰੀ ਲਿਆ ਕੇ ਇਸ ਨੂੰ ਉਦਯੋਗਿਕ ਹੱਬ ਬਣਾਉਣ ਵਾਲੀ ਕਾਂਗਰਸ ਪਾਰਟੀ ਹੀ ਹੈ। ਜਦ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਕਾਰਨ ਇੰਡਸਟਰੀ ਦੂਸਰੇ ਸੂਬਿਆਂ ਨੂੰ ਜਾਣ ਲਈ ਮਜਬੂਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਤੋਂ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਪਹਿਲ ਦਿੱਤੀ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ’ਤੇ ਲੈਂਦਿਆ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਇਹ ਮੁੜ ਤੋਂ ਸੱਤਾ ਵਿੱਚ ਨਹੀਂ ਆਉਣ ਵਾਲੇ, ਜਿਸ ਕਾਰਨ ਇਸ ਦੇ ਆਗੂ ਦੋਵਾਂ ਹੱਥਾਂ ਨਾਲ ਸੂਬੇ ਨੂੰ ਲੁੱਟਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਅਕਾਲੀਆਂ ਵੱਲੋਂ ਲਿਆਂਦਾ ਗਿਆ ਨਸ਼ਾ ਸੂਬੇ ਦੀ ਜਵਾਨੀ ਨੂੰ ਨਿਗਲ ਰਿਹਾ ਹੈ। ਨੌਜਵਾਨ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ ਅਤੇ ਪਿੱਛੇ ਉਨ੍ਹਾਂ ਦੇ ਪਰਿਵਾਰ ਦੁੱਖਾਂ ਦੇ ਪਹਾੜ ਨੂੰ ਚੁੱਕਣ ਲਈ ਮਜਬੂਰ ਹਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਪਵਨ ਦੀਵਾਨ ਨੇ ਕਿਹਾ ਕਿ ਮੌਜੂਦਾ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰਨ ਵਿੱਚ ਨਾਕਾਮ ਰਹੀ ਹੈ। ਇਨ੍ਹਾਂ ਨੇ ਨਾ ਤਾਂ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਅਤੇ ਨਾ ਹੀ ਨਸ਼ੇ ਦੀ ਗੰਭੀਰ ਸਮੱਸਿਆ ਦਾ ਖਾਤਮਾ ਕਰ ਸਕੀ। ਹਾਲਾਤ ਇੰਨੇ ਵਿਗੜ ਚੁੱਕੇ ਹਨ ਕਿ ਆਏ ਦਿਨ ਸੂਬੇ ਵਿੱਚ ਗੈਂਗਸਟਰਾਂ ਵੱਲੋਂ ਲੋਕਾਂ ਤੋਂ ਫਿਰੌਤੀ ਮੰਗਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ। ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਅਤੇ ਲੋਕ ਡਰ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਇਸ ਤੋਂ ਪਹਿਲਾਂ ਪਾਰਟੀ ਵਰਕਰਾਂ ਵੱਲੋਂ ਅੰਮ੍ਰਿਤਾ ਵੜਿੰਗ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਨਿਕਾ ਚੋਪੜਾ, ਸੁਸ਼ੀਲ ਮਲਹੋਤਰਾ, ਪੁਰਸ਼ੋਤਮ ਖਲੀਫਾ, ਮਨਿੰਦਰਪਾਲ ਟੀਟੂ, ਅਮਰਿੰਦਰ ਸਿੰਘ ਜੱਸੋਵਾਲ, ਰੋਹਿਤ ਪਾਹਵਾ, ਸੁਨੀਲ ਸਹਿਗਲ, ਨੀਰਜ ਬਿਰਲਾ, ਅਨਿਲ ਸਚਦੇਵਾ, ਅਸ਼ਵਨੀ ਜੈਨ, ਜਸਵਿੰਦਰ ਸਿੰਘ, ਕੁਲਜੀਤ ਨੀਟਾ, ਯਸ਼ ਪਾਲ ਕਪੂਰ, ਦੀਪਕ ਹੰਸ, ਜਗਮੋਹਨ ਸਿੰਘ ਨਿੱਕੂ, ਹੇਮੰਤ ਮਹਾਜਨ ਵੀ ਮੌਜੂਦ ਸਨ।

