ਇੱਕ ਅਨਾਰ ਸੌ ਬਿਮਾਰ; ਹਲਕਾ ਅਮਰਗੜ੍ਹ ’ਚ ਕਾਂਗਰਸ ਦਾ ਕਲੇਸ਼
ਜ਼ਿਲ੍ਹਾ ਮਾਲੇਰਕੋਟਲਾ ਦੇ ਇੱਕ ਨਿੱਜੀ ਪੈਲੇਸ ਵਿੱਚ ਬੀਤੇ ਦਿਨ ਕਾਂਗਰਸ ਪਾਰਟੀ ਦੀ ਜ਼ਿਲ੍ਹਾ ਪ੍ਰਧਾਨਗੀ ਨੂੰ ਲੈ ਕੇ ਆਲ ਇੰਡੀਆ ਕਾਂਗਰਸ ਮੈਂਬਰ ਬਿਕਰਮ ਰਠੌਰ ਅਤੇ ਇੰਚਾਰਜ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਦੀ ਅਗਵਾਈ ਹੇਠ ਮੀਟਿੰਗ ਹੋਈ ਹੈ ਜਿਸ ਵਿੱਚ ਹਲਕਾ ਅਮਰਗੜ੍ਹ ਅਤੇ ਮਾਲੇਰਕੋਟਲਾ ਦੇ ਵਰਕਰਾਂ ਨੂੰ ਬੁਲਾਇਆ ਗਿਆ ਪਰ ਸੂਤਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਇਹ ਮੀਟਿੰਗ ਸਿਰਫ ਹਲਕਾ ਅਮਰਗੜ੍ਹ ਦੇ ਟਿਕਟ ਦੇ ਦਾਅਵੇਦਾਰਾਂ ਦੇ ਕਲੇਸ਼ ਇੱਕ ਦੂਜੇ ’ਤੇ ਸ਼ਬਦੀ ਵਾਰਾਂ ਤੱਕ ਹੀ ਸੀਮਤ ਰਹਿ ਗਈ।
ਹਲਕਾ ਅਮਰਗੜ੍ਹ ਤੋਂ ਪਾਰਟੀ ਦੀ ਚੋਣ ਲੜ ਚੁੱਕੇ ਮੁੜ ਦਾਅਵੇਦਾਰ ਵੱਲੋਂ ਖ਼ੁਦ ਨੂੰ ਹਲਕਾ ਇੰਚਾਰਜ ਦੱਸਣ ’ਤੇ ਇੱਕ ਐੱਨਆਰਆਈ ਟਿਕਟ ਦੇ ਦਾਅਵੇਦਾਰ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਕੋਈ ਹਲਕਾ ਇੰਚਾਰਜ ਨਹੀਂ ਹੁੰਦਾ ਜਿਸ ’ਤੇ ਦੋਵੇਂ ਆਗੂਆਂ ਨੇ ਇੱਕ ਦੂਜੇ ਲਈ ਭੱਦੇ ਸ਼ਬਦਾਂ ਦੀ ਵਰਤੋਂ ਕੀਤੀ। ਹਾਲ ਪਾਰਟੀ ਆਗੂਆਂ ਵੱਲੋਂ ਦੋਵਾਂ ਨੂੰ ਸ਼ਾਂਤ ਕਰਵਾਇਆ ਸੀ ਕਿ ਇੱਕ ਹੋਰ ਦਾਅਵੇਦਾਰ ਨੇ ਜ਼ਿਲ੍ਹਾ ਪ੍ਰਧਾਨ ਨੂੰ ਨਸੀਹਤ ਦਿੱਤੀ ਕਿ ਉਸ ਦਾ ਨਾਮ ਪ੍ਰੋਟੋਕਾਲ ਅਨੁਸਾਰ ਨਹੀਂ ਲਿਆ ਗਿਆ, ਜਿਸ ਦਾ ਟਕਸਾਲੀ ਕਾਂਗਰਸੀ ਆਗੂਆਂ ਨੇ ਜੰਮ ਕੇ ਵਿਰੋਧ ਕੀਤਾ ਕਿ ਪਾਰਟੀ ਬਦਲ ਕੇ ਆਏ ਲੋਕ ਸੀਨੀਅਰ ਕਾਂਗਰਸੀ ਆਗੂ ਨਹੀਂ ਹੋ ਸਕਦੇ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਮੌਕਾ ਦੇਖ ਪਾਰਟੀ ਬਦਲਣ ਵਾਲਿਆਂ ਦਾ ਪ੍ਰੋਟੋਕਾਲ ਨਹੀਂ ਹੁੰਦਾ। ਇਸ ਮਗਰੋਂ ਵਿਰੋਧ ਕਰਨ ਵਾਲਾ ਆਗੂ ਗੁੱਸੇ ਵਿੱਚ ਹਾਲ ਤੋਂ ਬਾਹਰ ਚਲਾ ਗਿਆ। ਮੀਟਿੰਗ ਵਿੱਚ ਹੋਈ ਇਹ ਸ਼ਬਦੀ ਜੰਗ ਉਥੇ ਮੌਜੂਦ ਸੈਂਕੜੇ ਪਾਰਟੀ ਵਰਕਰਾਂ ਨੇ ਵੀ ਸੁਣੀ। ਕੁਝ ਨੇ ਇਹ ਇਤਰਾਜ਼ ਵੀ ਜਤਾਇਆ ਕਿ ਜੇਕਰ ਪਾਰਟੀ ਬਦਲ ਕੇ ਆਉਣ ਵਾਲੇ ਤਿੰਨ ਮਹੀਨਿਆਂ ਵਿੱਚ ਸੀਨੀਅਰ ਆਗੂ ਬਣ ਜਾਣਗੇ ਤਾਂ ਟਕਸਾਲੀ ਵਰਕਰਾਂ ਦਾ ਕੀ ਬਣੇਗਾ।
ਇਸ ਮੀਟਿੰਗ ਵਿੱਚ ਮੈਂਬਰ ਏਆਈਸੀ ਬਿਕਰਮ ਰਾਠੌਰ, ਸਾਬਕਾ ਮੰਤਰੀ ਬੀਬੀ ਰਜੀਆ ਸੁਲਤਾਨਾ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਅਰਜਰਬਰ ਜ਼ਿਲ੍ਹਾ ਰੋਪੜ ਗੁਰਜੋਤ ਸਿੰਘ ਢੀਂਡਸਾ, ਬੀਬੀ ਨਿਸ਼ਾਤ ਅਖਤਰ ਅਤੇ ਜਿਲ੍ਹ ਪ੍ਰਧਾਨ ਜਸਪਾਲ ਦਾਸ ਹਾਜ਼ਰ ਸਨ।
ਆਗੂ ਆਪਣੇ ਮਤਭੇਦ ਹਾਈਕਮਾਂਡ ਅੱਗੇ ਰੱਖਣ: ਕਾਕਾ ਨੱਥੂਰਾਮ
ਟਕਸਾਲੀ ਕਾਂਗਰਸੀ ਆਗੂ ਸਾਬਕਾ ਚੇਅਰਮੈਨ ਹਰਜਿੰਦਰ ਸਿੰਘ ਕਾਕਾ ਨੱਥੂਮਾਜਰਾ ਨੇ ਕਿਹਾ ਕਿ ਹਲਕਾ ਅਮਰਗੜ੍ਹ ਟਿਕਟ ਦੇ ਦਾਅਵੇਦਾਰਾਂ ਦੇ ਜੋ ਵੀ ਇੱਕ ਦੂਜੇ ਪ੍ਰਤੀ ਗਿਲੇ ਸ਼ਿਕਵੇ ਹਨ ਉਹ ਹਾਈ ਕਮਾਂਡ ਅੱਗੇ ਆਪਣਾ ਪੱਖ ਰੱਖਣ, ਨਾ ਕਿ ਅਜਿਹੀਆਂ ਪਬਲਿਕ ਮੀਟਿੰਗਾਂ ਵਿੱਚ, ਅਜਿਹੀਆਂ ਪਬਲਿਕ ਮੀਟਿੰਗਾਂ ਵਿਧਾਨ ਸਭਾ ਚੋਣਾਂ ਤੱਕ ਚਲਦੀਆਂ ਰਹਿਣਗੀਆਂ, ਆਪਣੀਆਂ ਅੰਦਰੂਨੀ ਰੰਜਸਾਂ ਦਾ ਖਿਲਾਰਾ ਪਬਲਿਕ ਕੀ ਮੀਟਿੰਗਾਂ ਵਿੱਚ ਨਾ ਪਾਇਆ ਜਾਵੇ ਇਸ ਨਾਲ ਵਰਕਰਾਂ ਨੂੰ ਲੋਕਾਂ ਵਿੱਚ ਨਾਮੋਸ਼ੀ ਝੱਲਣੀ ਪੈਂਦੀ ਹੈ।
ਪਾਰਟੀ ਨੂੰ ਮਜ਼ਬੂਤ ਕਰਨ ਵਾਲੇ ਆਗੂਆਂ ਦੀ ਸਖ਼ਤ ਲੋੜ: ਕੰਗਣਵਾਲ
ਬਲਾਕ ਪ੍ਰਧਾਨ ਰੁਪਿੰਦਰ ਸਿੰਘ ਪਿੰਦੂ ਕੰਗਣਵਾਲ ਨੇ ਆਖਿਆ ਕਿ ਪਾਰਟੀ ਨੂੰ ਜੋੜਨ ਵਾਲੇ ਅਤੇ ਮਜ਼ਬੂਤ ਕਰਨ ਵਾਲੇ ਆਗੂਆਂ ਦੀ ਲੋੜ ਹੈ ਨਾ ਕਿ ਸੀਨੀਅਰ ਆਗੂਆਂ ਨੂੰ ਇਸ ਤਰ੍ਹਾਂ ਦੀਆਂ ਮੀਟਿੰਗਾ ਵਿੱਚ ਕਲੇਸ਼ ਕਰਨਾ, ਸ਼ੋਭਾ ਨਹੀਂ ਦਿੰਦਾ ਇਸ ਨਾਲ ਕਾਂਗਰਸੀ ਵਰਕਰਾਂ ਦਾ ਵੀ ਮਨੋਬਲ ਟੁੱਟਦਾ ਹੈ।