ਦੋ ਟਰੱਕਾਂ ਦੀ ਟੱਕਰ ’ਚ ਇੱਕ ਚਾਲਕ ਹਲਾਕ
ਥਾਣਾ ਸਾਹਨੇਵਾਲ ਦੇ ਇਲਾਕੇ ਪਿੰਡ ਊਮੈਦਪੁਰ ਡੇਹਲੋਂ ਰੋਡ ’ਤੇ ਸਤਿਸੰਗ ਘਰ ਨੇੜੇ ਦੋ ਟਰੱਕਾਂ ਦੀ ਟੱਕਰ ਵਿੱਚ ਇੱਕ ਟਰੱਕ ਚਾਲਕ ਦੀ ਮੌਤ ਹੋ ਗਈ ਹੈ। ਰਣਜੀਤ ਨਗਰ ਸ਼ੇਰਪੁਰ ਚੌਕ ਵਾਸੀ ਵਿਜੈ ਸ਼ੰਕਰ ਸਿੰਘ ਰਾਤ ਨੂੰ ਟਰੱਕ ਲੈ ਕੇ ਇਥੇ ਪੁੱਜਿਆ ਤਾਂ ਸੜਕ ’ਤੇ ਖੜ੍ਹੇ ਟਰੱਕ ਵਿੱਚ ਜਾ ਵੱਜਿਆ। ਜ਼ਖ਼ਮੀ ਵਿਜੈ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਇਸੇ ਤਰ੍ਹਾਂ ਜਨਰਲ ਬੱਸ ਸਟੈਂਡ ਵਿੱਚ ਇੱਕ ਔਰਤ ਬੱਸ ਦੀ ਲਪੇਟ ਵਿੱਚ ਆ ਕੇ ਸਖ਼ਤ ਜ਼ਖ਼ਮੀ ਹੋ ਗਈ ਹੈ। ਇਸ ਸਬੰਧੀ ਬੱਸ ਸਟੈਂਡ ਵਿੱਚ ਕੰਮ ਕਰਦੇ ਰਿਸ਼ੀ ਨਗਰ ਹੈਬੋਵਾਲ ਵਾਸੀ ਸੰਦੀਪ ਕੁਮਾਰ ਨੇ ਦੱਸਿਆ ਕਿ ਤੇਜ਼ ਰਫ਼ਤਾਰ ਬੱਸ ਦੇ ਚਾਲਕ ਨੇ ਬੱਸ ਸਟੈਂਡ ਦੇ ਮੋੜ੍ਹ ’ਤੇ ਖੜ੍ਹੀ ਅਣਪਛਾਤੀ ਔਰਤ (50/55 ਸਾਲ) ਨੂੰ ਲਪੇਟ ਵਿੱਚ ਲੈ ਲਿਆ ਤੇ ਡਰਾਈਵਰ ਵਾਲੇ ਪਾਸੇ ਦਾ ਬੱਸ ਦਾ ਪਿਛਲਾ ਟਾਇਰ ਔਰਤ ਦੇ ਪੈਰਾਂ ’ਤੇ ਚੜ੍ਹ ਗਿਆ। ਬੱਸ ਚਾਲਕ ਔਰਤ ਨੂੰ ਪਾਸੇ ਕਰਕੇ ਫਰਾਰ ਹੋ ਗਿਆ। ਲੋਕਾਂ ਨੇ ਜ਼ਖ਼ਮੀ ਔਰਤ ਨੂੰ ਹਸਪਤਾਲ ਪਹੁੰਚਾਇਆ। ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।