ਛੋਟੇ ਹਾਥੀ ਤੇ ਟਰਾਲੇ ਦੀ ਟੱਕਰ ’ਚ ਇੱਕ ਹਲਾਕ; 7 ਜਖ਼ਮੀ
ਡੀ.ਪੀ.ਐੱਸ ਬੱਤਰਾ
ਸਮਰਾਲਾ, 3 ਜੁਲਾਈ
ਸਰਹਿੰਦ ਨਹਿਰ ਕਿਨਾਰੇ ਸਵੇਰੇ ਪਿੰਡ ਬਹਿਲੋਲਪੁਰ ਕੋਲ ਵਾਪਰੇ ਸੜਕ ਹਾਦਸੇ ਵਿਚ ਪਰਵਾਸੀ ਮਜ਼ਦੂਰਾਂ ਨਾਲ ਭਰੇ ਛੋਟੇ ਹਾਥੀ ਨੂੰ ਟਰਾਲੇ ਨੇ ਪਿੱਛੇ ਤੋਂ ਆ ਕੇ ਟੱਕਰ ਮਾਰ ਦਿੱਤੀ, ਜਿਸ ਵਿਚ ਇੱਕ ਮਜ਼ਦੂਰ ਰੋਹਿਤ (25) ਦੀ ਮੌਤ ਹੋ ਗਈ, ਜਦਕਿ 7-8 ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਹਿਜੋ ਮਾਜਰੇ ਤੋਂ 15-16 ਮਜ਼ਦੂਰ ਛੋਟੇ ਹਾਥੀ ਵਿਚ ਸਵਾਰ ਹੋ ਕੇ ਝੋਨੇ ਦੀ ਪਨੀਰੀ ਪੁੱਟਣ ਜਾ ਰਹੇ ਸਨ ਕਿ ਸਰਹਿੰਦ ਨਹਿਰ ਕਿਨਾਰੇ ਪਿੰਡ ਬਹਿਲੋਲਪੁਰ ਨੇੜ੍ਹੇ ਪਿੱਛੋਂ ਆ ਰਹੇ ਟਿੱਪਰ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਹਾਦਸੇ ਵਿਚ ਇੱਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਬਾਕੀ ਜਖ਼ਮੀਆਂ ਨੂੰ ਸਮਰਾਲਾ ਦੇ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਗੰਭੀਰ ਸੱਟਾਂ ਵਾਲੇ ਮਜ਼ਦੂਰਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਸਵੇਰੇ 7 ਵਜੇ ਹਸਪਤਾਲ ਵਿਚ ਚਾਰ ਪ੍ਰਵਾਸੀ ਮਜ਼ਦੂਰ ਲਿਆਂਦੇ ਗਏ ਜਿਨ੍ਹਾਂ ’ਚੋਂ ਤਿੰਨ ਮਜ਼ਦੂਰਾਂ ਦੀ ਗੰਭੀਰ ਹਾਲਤ ਦੇਖਦੇ ਹੋਏ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਤਿੰਨ ਹੋਰ ਮਜ਼ਦੂਰਾਂ ਨੂੰ ਹਸਪਤਾਲ ਲਿਆਂਦਾ ਗਿਆ ਜਿਨ੍ਹਾਂ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੈਫਰ ਕੀਤੇ ਗਏ ਮਜ਼ਦੂਰਾਂ ’ਚੋਂ ਇੱਕ ਦੀ ਰਸਤੇ ਵਿਚ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਐਂਬੂਲੈਸ ਰਾਹੀਂ ਵਾਪਸ ਸਮਰਾਲਾ ਹਸਪਤਾਲ ਲਿਆਂਦਾ ਗਿਆ ਹੈ। ਕੇਸ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਟਰਾਲੇ ਨੂੰ ਕਾਬੂ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।