ਸਬਜ਼ੀ ਵਾਲੇ ਟੈਂਪੂ ਹੇਠ ਆ ਕੇ ਡੇਢ ਸਾਲਾ ਬੱਚੀ ਹਲਾਕ
ਇਥੋਂ ਨਜ਼ਦੀਕੀ ਪਿੰਡ ਜਾਂਗਪੁਰ ਵਿੱਚ ਅੱਜ ਮੰਗਲਵਾਰ ਨੂੰ ਵਾਪਰੇ ਇਕ ਸੜਕ ਹਾਦਸੇ ਵਿੱਚ ਡੇਢ ਸਾਲਾ ਬੱਚੀ ਦੀ ਮੌਤ ਹੋ ਗਈ। ਇਹ ਬੱਚੀ ਅਚਾਨਕ ਸਬਜ਼ੀ ਵਾਲੇ ਟੈਂਪੂ ਹੇਠਾਂ ਆ ਗਈ। ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਵੇਰਵਿਆਂ ਮੁਤਾਬਕ ਇਕ ਸਬਜ਼ੀ ਵਪਾਰੀ ਟੈਂਪੂ ’ਤੇ ਸਬਜ਼ੀਆਂ ਲੈ ਕੇ ਪਿੰਡ ਵਿੱਚ ਵੇਚਣ ਆਇਆ ਸੀ। ਉਸੇ ਵਕਤ ਬੱਚੀ ਦੀ ਮਾਂ ਤੇ ਇਕ ਹੋਰ ਔਰਤ ਇਸੇ ਸਬਜ਼ੀ ਵਾਲੇ ਤੋਂ ਸਬਜ਼ੀ ਖਰੀਦ ਰਹੀਆਂ ਸਨ। ਇਸੇ ਦੌਰਾਨ ਹੀ ਕੁਝ ਬੱਚੇ ਖੇਡਦੇ ਹੋਏ ਉਥੇ ਆ ਗਏ ਅਤੇ ਇਹ ਡੇਢ ਸਾਲਾ ਬੱਚੀ ਟੈਂਪੂ ਦੇ ਮੂਹਰੇ ਖੜ੍ਹੀ ਹੋ ਗਈ। ਟੈਂਪੂ ਵਾਲੇ ਸਬਜ਼ੀ ਵਿਕਰੇਤਾ ਨੇ ਔਰਤਾਂ ਨੂੰ ਸਬਜ਼ੀ ਵੇਚਣ ਉਪਰੰਤ ਜਿਵੇਂ ਹੀ ਟੈਂਪੂ ਤੋਰਿਆ ਤਾਂ ਬੱਚੀ ਇਸ ਟੈਂਪੂ ਦੇ ਮੂਹਰਲੇ ਟਾਇਰ ਕੋਲ ਡਿੱਗ ਗਈ। ਇਸ ਤਰ੍ਹਾਂ ਟੈਂਪੂ ਦਾ ਮੂਹਰਲਾ ਟਾਇਰ ਬੱਚੀ ਦੇ ਉੱਪਰ ਚੜ੍ਹ ਗਿਆ। ਬੱਚੀ ਦੇ ਪਰਿਵਾਰਕ ਜੀਅ ਫੌਰੀ ਉਸਨੂੰ ਹਸਪਤਾਲ ਡਾਕਟਰ ਕੋਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਦਾਖਾ ਦੀ ਪੁਲੀਸ ਮੁਤਾਬਕ ਉਨ੍ਹਾਂ ਨੂੰ ਹਾਲੇ ਕੋਈ ਸ਼ਿਕਾਇਤ ਨਹੀਂ ਸੀ ਮਿਲੀ ਅਤੇ ਪੜਤਾਲ ਮਗਰੋਂ ਪੁਲੀਸ ਨੇ ਕਾਰਵਾਈ ਅਮਲ ਵਿੱਚ ਲਿਆਉਣ ਦੀ ਗੱਲ ਕਹੀ ਹੈ।