ਦੇਸ਼ ਭਗਤ ਭਾਈ ਰਣਧੀਰ ਸਿੰਘ ਯਾਦਗਾਰੀ ਲਾਇਬ੍ਰੇਰੀ ਦੇ ਪ੍ਰਬੰਧਕਾਂ ਵੱਲੋਂ ਭਾਈ ਸਾਹਿਬ ਦੇ ਜੱਦੀ ਪਿੰਡ ਨਾਰੰਗਵਾਲ ਵਿੱਚ ਕਰਵਾਏ ਵਿਸ਼ੇਸ਼ ਸਮਾਗਮ ਮੌਕੇ ਉੱਘੇ ਨਾਟਕਕਾਰ ਡਾ. ਸੋਮਪਾਲ ਹੀਰਾ ਨੇ ਡਾ. ਕੁਲਦੀਪ ਸਿੰਘ ਦੀਪ ਦੀ ਰਚਨਾ ਉਪਰ ਅਧਾਰਿਤ ਇੱਕ-ਪਾਤਰੀ ਨਾਟਕ ‘ਛੱਲਾ’ ਖੇਡਿਆ। ਗੁਰਦੁਆਰਾ ਅਕਾਲੀ ਵਾਲਾ ਸਾਹਿਬ ਦੇ ਲੰਗਰ ਹਾਲ ਵਿੱਚ ਸਮਾਗਮ ਦਾ ਪ੍ਰਬੰਧ ਭਾਈ ਰਣਧੀਰ ਸਿੰਘ ਯਾਦਗਾਰੀ ਲਾਇਬ੍ਰੇਰੀ ਦੇ ਸਰਪ੍ਰਸਤ ਹਰਵਿੰਦਰ ਸਿੰਘ ਗਰੇਵਾਲ, ਡਾ. ਮਨਦੀਪ ਕੌਰ ਰਾਏ, ਗੁਰਵਿੰਦਰ ਸਿੰਘ ਗਰੇਵਾਲ ਸਣੇ ਹੋਰਨਾ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਕਿਤਾਬਾਂ ਤੋਂ ਦੂਰੀ ਬਣਾ ਕੇ ਮੋਬਾਈਲ ਫ਼ੋਨ ਦੀ ਲਤ ਦਾ ਸ਼ਿਕਾਰ ਹੋ ਚੁੱਕੇ ਨੌਜਵਾਨਾਂ ਨੂੰ ਪੁਸਤਕ ਸਭਿਆਚਾਰ ਨਾਲ ਜੋੜ ਕੇ ਮੁੜ ਕਿਤਾਬਾਂ ਨਾਲ ਦੋਸਤੀ ਗੰਢਣ ਲਈ ਕਰਵਾਏ ਜਾ ਰਹੇ ਹਨ।
ਡਾ. ਸੋਮਪਾਲ ਹੀਰਾ ਵੱਲੋਂ ਪੇਸ਼ ਕੀਤੇ ਨਾਟਕ ਰਾਹੀਂ ਪ੍ਰਵਾਸ ਦੇ ਕਾਰਨਾਂ ਅਤੇ ਉਸ ਦੇ ਹੱਲ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਦੇਸ਼ ਤੋਂ ਬਾਹਰ ਅਤੇ ਦੇਸ਼ ਦੇ ਅੰਦਰ ਹੋ ਰਹੇ ਪ੍ਰਵਾਸ ਬਾਰੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਦ੍ਰਿਸ਼ਟੀ ਪਬਲਿਕ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਰੰਗਵਾਲ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਿੰਘਵਾਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲ੍ਹਾ ਰਾਏਪੁਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਪ੍ਰਬੰਧਕਾਂ ਅਤੇ ਸਰਪੰਚ ਮਨਜਿੰਦਰ ਸਿੰਘ ਗਰੇਵਾਲ ਵੱਲੋਂ ਡਾ. ਸੋਮਪਾਲ ਹੀਰਾ ਸਮੇਤ ਮਹਿਮਾਨਾਂ ਅਤੇ ਸਕੂਲੀ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਦੀਪ ਪਬਲੀਕੇਸ਼ਨ ਸਮਰਾਲਾ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ।

