DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੀਂਹ ਮਗਰੋਂ ਬੁੱਢਾ ਨਾਲਾ ਹੋਇਆ ਓਵਰਫਲੋਅ

ਮੱਛੀ ਮੰਡੀ ਨੇੜੇ 200 ਝੁੱਗੀਆਂ ਡੁੱਬੀਆਂ; ਲੋਕਾਂ ਨੂੰ ਹੱਥਾਂ-ਪੈਰਾਂ ਦੀ ਪਈ
  • fb
  • twitter
  • whatsapp
  • whatsapp
featured-img featured-img
ਲੁਧਿਆਣਾ ਦੀ ਤਾਜਪੁਰ ਰੋਡ ’ਤੇ ਬੁੱਢੇ ਨਾਲੇ ਦੇ ਓਵਰਫਲੋਅ ਹੋਣ ਕਾਰਨ ਝੁੱਗੀਆਂ ’ਚ ਵਡ਼ਿਆ ਪਾਣੀ। ਫੋਟੋਆਂ: ਹਿਮਾਂਸ਼ੂ ਮਹਾਜਨ
Advertisement

ਗਗਨਦੀਪ ਅਰੋੜਾ

ਲੁਧਿਆਣਾ, 6 ਜੁਲਾਈ

Advertisement

ਸਨਅਤੀ ਸ਼ਹਿਰ ਦੇ ਤਾਜਪੁਰ ਰੋਡ ਨੇੜੇ ਬੁੱਢਾ ਨਾਲੇ ਦਾ ਇੱਕ ਹਿੱਸਾ ਇੱਕ ਹੀ ਮੀਂਹ ਨਾਲ ਓਵਰਫਲੋਅ ਹੋ ਗਿਆ। ਬੀਤੇ ਬੁੱਧਵਾਰ ਨੂੰ ਕਰੀਬ 5 ਘੰਟੇ ਦੇ ਮੀਂਹ ਤੋਂ ਬਾਅਦ ਸ਼ਾਮ ਨੂੰ ਬੁੱਢੇ ਨਾਲੇ ’ਚ ਪਾਣੀ ਦਾ ਪੱਧਰ ਵੱਧ ਗਿਆ। ਦੇਖਦੇ ਹੀ ਦੇਖਦੇ ਬੁੱਢੇ ਨਾਲੇ ਦਾ ਇੱਕ ਬੰਨ੍ਹ ਟੁੱਟ ਗਿਆ ਤੇ ਤਾਜਪੁਰ ਰੋਡ ਸਥਿਤ ਮੱਛੀ ਮੰਡੀ ਦੇ ਨਾਲ ਬਣੀਆਂ ਕਰੀਬ 200 ਝੁੱਗੀਆਂ ਪਾਣੀ ’ਚ ਡੁੱਬ ਗਈਆਂ। ਦੇਰ ਰਾਤ ਨੂੰ ਬੁੱਢੇ ਨਾਲੇ ਦਾ ਪਾਣੀ ਇੱਕ ਦਮ ਬਾਹਰ ਆਇਆ ਤਾਂ ਝੁੱਗੀ ਵਾਲੇ ਆਪਣੀ ਜਾਨ ਬਚਾ ਕੇ ਸੜਕਾਂ ’ਤੇ ਪੁੱਜ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਉਥੇ ਆਪਣਾ ਸਾਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਕੁਝ ਹੀ ਸਮੇਂ ’ਚ ਪਾਣੀ ਦਾ ਪੱਧਰ ਇਨ੍ਹਾਂ ਵੱਧ ਗਿਆ ਕਿ ਉਹ ਜਿੰਨਾ ਸਾਮਾਨ ਕੱਢ ਸਕੇ, ਸਿਰਫ਼ ਉਹੀ ਬਚਿਆ। ਸਾਰੀ ਰਾਤ ਪਾਣੀ ਨਹੀਂ ਗਿਆ ਤਾਂ ਉਨ੍ਹਾਂ ਨੂੰ ਮਜਬੂਰਨ ਸੜਕ ’ਤੇ ਹੀ ਰਾਤ ਕੱਟਣੀ ਪਈ। ਬੁੱਢੇ ਨਾਲੇ ਦੀ ਸਫ਼ਾਈ ਦਾ ਦਾਅਵਾ ਕਰਨ ਵਾਲਾ ਨਗਰ ਨਿਗਮ ਪ੍ਰਸ਼ਾਸਨ ਵੀ ਬੁੱਧਵਾਰ ਦੇਰ ਸ਼ਾਮ ਨੂੰ ਉਸ ਸਮੇਂ ਨੀਂਦ ’ਚੋਂ ਉਠਿਆ, ਜਦੋਂ ਪਾਣੀ ਆਪਣੇ ਖਤਰੇ ਦੇ ਨਿਸ਼ਾਨ ਤੋਂ ਉਪਰ ਚਲਿਆ ਗਿਆ। ਉਸ ਤੋਂ ਬਾਅਦ ਨਗਰ ਨਿਗਮ ਪ੍ਰਸ਼ਾਸਨ ਜਲਬੂਟੀ ਨੂੰ ਬਾਹਰ ਕੱਢਣ ’ਚ ਲੱਗ ਗਿਆ ਤਾਂ ਕਿ ਪਾਣੀ ਅੱਗੇ ਵੱਧਦਾ ਜਾਵੇ। ਪ੍ਰਸ਼ਾਸਨ ਵੀ ਉਸ ਸਮੇਂ ਕੁੰਭਕਰਨੀ ਨੀਂਦ ’ਚੋਂ ਉਠਿਆ, ਜਦੋਂ ਪਾਣੀ ਨਾਲੇ ’ਚੋਂ ਬਾਹਰ ਆ ਗਿਆ। ਤਾਜਪੁਰ ਰੋਡ ਮੰਛੀ ਮੰਡੀ ਦੇ ਨਾਲ ਕਰੀਬ 200 ਝੁੱਗੀਆਂ ਬਣੀਆਂ ਹੋਈਆਂ ਹਨ। ਇਸ ਤੋਂ ਇਲਾਵਾ ਨਾਲੇ ਦੇ ਦੂਸਰੇ ਪਾਸੇ ਵੀ ਕਾਫ਼ੀ ਹੇਠਲਾ ਇਲਾਕਾ ਹੈ। 2 ਸਾਲ ਪਹਿਲਾਂ ਜਦੋਂ ਤੇਜ਼ ਮੀਂਹ ਪਿਆ ਤਾਂ ਨਾਲਾ ਓਵਰਫਲੋਅ ਹੋ ਗਿਆ ਸੀ। ਉਸ ਸਮੇਂ ਵੀ ਪ੍ਸ਼ਾਸਨ ਦੇ ਵੱਲੋਂ ਦੋਵੇਂ ਪਾਸੇ ਦੇ ਬੰਨ੍ਹ ਪੱਕੇ ਕਰ ਦਿੱਤੇ ਸਨ। ਉਸ ਸਮੇਂ ਆਖਿਆ ਗਿਆ ਸੀ ਕਿ ਝੁੱਗੀ ਵਾਲਿਆਂ ਨੂੰ ਉਥੋਂ ਕਿਤੇ ਹੋਰ ਤਬਦੀਲ ਕੀਤਾ ਜਾਵੇਗਾ, ਪਰ ਬਾਅਦ ’ਚ ਗੱਲ ਆਈ ਗਈ ਕਰ ਦਿੱਤੀ।

ਝੁੱਗੀਆਂ ’ਚ ਪਾਣੀ ਵੜਨ ਮਗਰੋਂ ਘਰਾਂ ਦਾ ਸਾਮਾਨ ਸੰਭਾਲਦੇ ਹੋਏ ਲੋਕ।
ਝੁੱਗੀਆਂ ’ਚ ਪਾਣੀ ਵੜਨ ਮਗਰੋਂ ਘਰਾਂ ਦਾ ਸਾਮਾਨ ਸੰਭਾਲਦੇ ਹੋਏ ਲੋਕ।

ਗੰਂਦੇ ਪਾਣੀ ’ਚੋਂ ਆਪਣੇ ਘਰ ਦਾ ਸਾਮਾਨ ਲੱਭਦੇ ਰਹੇ ਲੋਕ

ਝੁੱਗੀਆਂ ਸੜਕ ਦੇ ਕਰੀਬ 7 ਫੁੱਟ ਥੱਲੇ ਵਾਲੀ ਜਗ੍ਹਾ ’ਤੇ ਬਣੀਆਂ ਹੋਈਆਂ ਹਨ। ਬੁੱਧਵਾਰ ਦੇਰ ਰਾਤ ਬੁੱਢੇ ਨਾਲੇ ’ਚੋਂ ਪਾਣੀ ਬਾਹਰ ਆਇਆ ਤਾਂ ਲੋਕ ਇੱਕਦਮ ਆਪਣੇ ਬੱਚਿਆਂ ਨੂੰ ਲੈ ਕੇ ਭੱਜ ਗਏ। ਸਵੇਰ ਤੱਕ ਸਾਰੀਆਂ ਝੁੱਗੀਆਂ ਪਾਣੀ ’ਚ ਡੁੱਬ ਗਈਆਂ ਤੇ ਗੰਦੇ ਪਾਣੀ ’ਚ ਡੁੱਬਕੀ ਲਾ ਕੇ ਲੋਕ ਆਪਣੀ ਆਪਣੀ ਝੁੱਗੀ ’ਚੋਂ ਸਾਮਾਨ ਲੱਭ ਰਹੇ ਸਨ ਤਾਂ ਕਿ ਜੇਕਰ ਕੁਝ ਬਚਿਾ ਹੈ ਤਾਂ ਉਸ ਨੂੰ ਬਚਾਇਆ ਜਾ ਸਕੇ, ਪਰ ਗੰਦੇ ਪਾਣੀ ’ਚ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ ਪਰ ਫਿਰ ਵੀ ਲੋਕ ਗੰਦੇ ਪਾਣੀ ’ਚ ਸਾਮਾਨ ਲੱਭਣ ਲਈ ਡੁਬਕੀਆਂ ਮਾਰਨੋਂ ਨਾ ਹਟੇ। ਹਾਲਾਂਕਿ ਜਾਨ ਮਾਲ ਦਾ ਨੁਕਸਾਨ ਹੋਣੋਂ ਬਚ ਗਿਆ।

ਡੀਸੀ, ਨਿਗਮ ਕਮਿਸ਼ਨਰ ਤੇ ਵਿਧਾਇਕ ਨੇ ਲਿਆ ਮੌਕੇ ਦਾ ਜਾਇਜ਼ਾ

ਲੁਧਿਆਣਾ: ਬੁੱਢਾ ਨਾਲਾ ਓਵਰਫਲੋ ਹੋਣ ਦੀ ਸੂਚਨਾ ਮਿਲਦੇ ਹੀ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਡੀਸੀ ਸੁਰਭੀ ਮਲਿਕ ਤੇ ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅੱਗਰਵਾਲ ਨੇ ਵੀਰਵਾਰ ਨੂੰ ਬੁੱਢੇ ਨਾਲੇ ਦਾ ਜਾਇਜ਼ਾ ਲਿਆ ਤੇ ਪਾਣੀ ਤੇ ਪੱਧਰ ’ਤੇ ਨਿਗ੍ਹਾ ਰੱਖਣ ਲਈ ਕਰਮੀ ਲਾ ਦਿੱਤੇ। ਇਸ ਮੌਕੇ ਅਧਿਕਾਰੀਆਂ ਨੇ ਕਿਹਾ ਕਿ ਸਤਲੁਜ ਦੇ ਉਪਰੀ ਇਲਾਕਿਆਂ ’ਚ ਪਾਣੀ ਪੱਧਰ ਵੱਧ ਗਿਆ ਹੈ। ਇਸ ਕਾਰਨ ਬੁੱਢੇ ਨਾਲੇ ’ਚ ਪਾਣੀ ਦਾ ਪੱਧਰ ਵਧਿਆ ਹੈ। ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਤੇ ਨਗਰ ਨਿਗਮ ਸਥਿਤੀ ’ਤੇ ਕਾਬੂ ਪਾਉਣ ਲਈ ਲੌੜੀਦੇ ਕਦਮ ਚੁੱਕ ਰਹੇ ਹਨ। ਜ਼ਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀ ਬੀਤੀ ਰਾਤ ਤੋਂ ਹੀ ਮੈਦਾਨ ’ਚ ਹਨ ਤੇ ਭਾਮੀਆਂ ਕਲਾਂ (ਨਗਰ ਨਿਗਮ ਲਿਮਿਟ ਤੋਂ ਬਾਹਰ), ਤਾਜਪੁਰ ਰੋਡ, ਸ਼ਿਵਪੁਰੀ, ਨਿਊ ਕੁੰਦਨਪੁਰੀ, ਹੈਬੋਵਾਲ ਸਮੇਤ ਨਾਲੇ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਤਾਜਪੁਰ ਰੋਡ ’ਤੇ ਇੱਕ ਪੁਆਇੰਟ ਤੋਂ ਨਾਲਾ ਵਹਿ ਗਿਆ। ਅਧਿਕਾਰੀਆਂ ਨੇ ਕਿਹਾ ਕਿ ਸਥਾਨਕ ਲੋਕਾਂ ਵੱਲੋਂ ਅਲਰਟ ਜਾਰੀ ਕੀਤੇ ਜਾਣ ਤੋਂ ਬਾਅਦ ਯੋਗ ਕਦਮ ਚੁੱਕੇ ਸਨ। ਖੇਤਰ ’ਚ ਝੁਗੀਆਂ ਵਿੱਚ ਰਹਿਣ ਵਾਲਿਆਂ ਨੂੰ ਨੇੜਲੇ ਇੱਕ ਸਕੂਲ ’ਚ ਭੇਜ ਦਿੱਤਾ ਗਿਆ ਤੇ ਉਨ੍ਹਾਂ ਦੇ ਲਈ ਭੋਜਨ ਦੇ ਨਾਲ ਨਾਲ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਵਿਧਾਇਕ ਗਰੇਵਾਲ, ਡੀਸੀ ਮਲਿਕ ਤੇ ਐਮ.ਸੀ. ਕਮਿਸ਼ਨਰ ਡਾ. ਅਗਰਵਾਲ ਨੇ ਕਿਹਾ ਕਿ ਨਗਰ ਨਿਗਮ ਨੇ ਸ਼ਹਿਰ ਦੀ ਹੱਦ ਦੇ ਅੰਦਰ ਨਾਲੇ ਦੀ ਯਕੀਕਨ ਸਫ਼ਾਈ ਲਈ ਪੋਕਲੇਨ ਤੇ ਜੇਸੀਬੀ ਮਸ਼ੀਨਾਂ ਤੈਨਾਤ ਕੀਤੀਆਂ ਹਨ।

Advertisement
×