ਲੁਧਿਆਣਾ- ਇਨ-ਸਰਵਿਸ ਸੀਨੀਅਰ ਵੈਟਰਨਰੀ ਆਫੀਸਰਜ਼ ਐਸੋਸੀਏਸ਼ਨ, ਪੰਜਾਬ ਦੀ ਜ਼ਿਲ੍ਹਾ ਲੁਧਿਆਣਾ ਇਕਾਈ ਵੱਲੋਂ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸੀਨੀਅਰ ਵੈਟਰਨਰੀ ਅਫ਼ਸਰਾਂ ਅਤੇ ਅਸਿਸਟੈਂਟ ਡਾਇਰੈਕਟਰਾਂ ਨੂੰ ਰੋਜ਼ਮਰ੍ਹਾ ਦੀ ਕਾਰਜ-ਕੁਸ਼ਲਤਾ ਵਿੱਚ ਆ ਰਹੀਆਂ ਮੁਸ਼ਕਲਾਂ ਤੇ ਉਨ੍ਹਾਂ ਦੇ ਸੰਭਵ ਹੱਲਾਂ ਬਾਰੇ ਵਿਸਥਾਰ ਨਾਲ ਚਰਚਾ ਕਰਨ ਦੇ ਨਾਲ ਨਾਲ ਜ਼ਿਲ੍ਹਾ ਲੁਧਿਆਣਾ ਇਕਾਈ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਮੀਟਿੰਗ ਵਿੱਚ ਸਰਬਸੰਮਤੀ ਫੈਸਲੇ ਕੀਤੇ ਕਿ ਤਹਿਸੀਲ ਪੱਧਰ ਦੇ ਸਾਰੇ ਪਸ਼ੂ ਹਸਪਤਾਲਾਂ ਵਿੱਚ ਡਾਟਾ ਅਪਰੇਟਰ, ਕੰਪਿਊਟਰ, ਪ੍ਰਿੰਟਰ, ਸਟੇਸ਼ਨਰੀ ਅਤੇ ਲੋੜੀਂਦਾ ਫਰਨੀਚਰ ਤੁਰੰਤ ਮਹੁੱਈਆ ਕਰਵਾਇਆ ਜਾਵੇ ਅਤੇ ਖਾਲੀ ਪਈਆਂ ਸਾਰੀਆਂ ਅਸਾਮੀਆਂ ਤੁਰੰਤ ਭਰੀਆਂ ਜਾਣ। ਵੈਟਰਨਰੀ ਅਫ਼ਸਰਾਂ/ਵੈਟਰਨਰੀ ਇੰਸਪੈਕਟਰਾਂ ਵੱਲੋਂ ਕਿਸੇ ਡਿਊਟੀ ਜਾਂ ਪ੍ਰਾਜੈਕਟ ਦੇ ਬਾਈਕਾਟ ਦੌਰਾਨ ਉਨ੍ਹਾਂ ਦੀ ਡਿਊਟੀ ਸੀਨੀਅਰ ਵੈਟਰਨਰੀ ਅਫ਼ਸਰਾਂ ਜਾਂ ਅਸਿਸਟੈਂਟ ਡਾਇਰੈਕਟਰਾਂ ਵੱਲੋਂ ਨਾ ਕੀਤੀ ਜਾਵੇਗੀ। ਜ਼ਿਲ੍ਹਾ ਅਤੇ ਤਹਿਸੀਲ ਪੱਧਰ ਤੇ ਬੰਦ ਪਈਆਂ ਸੰਸਥਾਵਾਂ ਦੇ ਟੀਚੇ ਸਬੰਧਤ ਅਧਿਕਾਰੀਆਂ ਦੇ ਸਾਲਾਨਾ ਟੀਚਿਆਂ ਵਿੱਚ ਸ਼ਾਮਲ ਨਾ ਕੀਤੇ ਜਾਣ। ਇਸੇ ਤਰ੍ਹਾਂ ਅਧਿਕਾਰੀਆਂ ਨੂੰ ਫੀਲਡ ਚੈਕਿੰਗ ਲਈ ਸਰਕਾਰੀ ਵਾਹਨ ਉਪਲਬਧ ਕਰਵਾਏ ਜਾਣ ਜਾਂ ਫਿਰ ਨਿੱਜੀ ਵਾਹਨ ਦੀ ਵਰਤੋਂ ਲਈ ਬਣਦੇ ਟੀ.ਏ. ਦੀ ਮਨਜ਼ੂਰੀ ਅਤੇ ਅਦਾਇਗੀ ਜ਼ਿਲ੍ਹਾ ਪੱਧਰ ’ਤੇ ਹੀ ਕੀਤੀ ਜਾਵੇ।
ਮੀਟਿੰਗ ਵਿੱਚ ਜ਼ਿਲ੍ਹਾ ਲੁਧਿਆਣਾ ਦੀ ਨਵੀਂ ਕਾਰਜਕਾਰਨੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ ’ਚ ਡਾ. ਚਤਿੰਦਰ ਸਿੰਘ (ਅਸਿਸਟੈਂਟ ਡਾਇਰੈਕਟਰ) ਨੂੰ ਜ਼ਿਲ੍ਹਾ ਪ੍ਰਧਾਨ, ਡਾ. ਗਗਨਦੀਪ ਕੌਸ਼ਲ (ਸੀਨੀਅਰ ਵੈਟਰਨਰੀ ਅਫਸਰ ਖੰਨਾ) ਨੂੰ ਜਨਰਲ ਸਕੱਤਰ, ਡਾ. ਸੂਰਜ ਭਾਨ (ਡਿਪਟੀ ਡਾਇਰੈਕਟਰ, ਵੈਕਸੀਨ ਇੰਸਟੀਚਿਊਟ) ਨੂੰ ਖ਼ਜਾਨਚੀ, ਡਾ. ਹਰਜਿੰਦਰ ਸਿੰਘ (ਅਸਿਸਟੈਂਟ ਡਾਇਰੈਕਟਰ) ਨੂੰ ਵਾਈਸ ਪ੍ਰਧਾਨ, ਡਾ. ਦੀਪਕ ਜਾਂਗੜਾ (ਅਸਿਸਟੈਂਟ ਡਾਇਰੈਕਟਰ, ਸ਼ੀਪ ਐਂਡ ਵੂਲ) ਨੂੰ ਪ੍ਰੈੱਸ ਤੇ ਲੀਗਲ ਸਕੱਤਰ, ਡਾ. ਜਸਵਿੰਦਰ ਸਿੰਘ (ਅਸਿਸਟੈਂਟ ਡਾਇਰੈਕਟਰ, ਮੱਤੇਵਾੜਾ ਫਾਰਮ) ਨੂੰ ਸਕੱਤਰ ਚੁਣਿਆ ਗਿਆ।

