ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਦੇ ਐੱਨ ਐੱਸ ਐੱਸ ਯੂਨਿਟ ਨੇ ਆਪਣਾ 56ਵਾਂ ਸਥਾਪਨਾ ਦਿਹਾੜਾ ਜੋਸ਼ ਨਾਲ ਮਨਾਇਆ। 24 ਸਤੰਬਰ 1969 ਨੂੰ ਕਾਲਜ ਵਿਚ ਐੱਨ ਐੱਸ ਐੱਸ ਯੂਨਿਟ ਦੀ ਸਥਾਪਨਾ ਹੋਈ ਸੀ। ਇਸ ਯੂਨਿਟ ਨੇ ਵਿਦਿਆਰਥੀਆਂ ਵਿਚ ਰਾਸ਼ਟਰ ਦੀ ਸੇਵਾ ਦੀ ਭਾਵਨਾ ਭਰਪੂਰ ਕਰਨ ਲਈ ਬਹੁਤ ਸਾਰੇ ਉਸਾਰੂ ਕੰਮਾਂ ਨੂੰ ਅੰਜ਼ਾਮ ਦਿੱਤਾ ਅਤੇ ਸਮਾਜਿਕ ਸਰੋਕਾਰਾਂ ਨਾਲ ਵਿਦਿਆਰਥੀਆਂ ਦਾ ਜੋੜ ਮੇਲ ਸੰਭਵ ਬਣਾਇਆ।
ਯੂਨਿਟ ਦੀ ਸਥਾਪਨਾ ਦਿਵਸ ਮੌਕੇ ਪ੍ਰੋਗਰਾਮ ਅਧਿਕਾਰੀਆਂ ਡਾ. ਰੁਪਿੰਦਰਪਾਲ ਸਿੰਘ ਅਤੇ ਡਾ. ਗਗਨਦੀਪ ਕੌਰ ਨਾਗਰਾ ਦੀ ਅਗਵਾਈ ਵਿਚ ਇਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਪਿਛਲੇ ਪੰਜ ਦਹਾਕਿਆਂ ਦੌਰਾਨ ਯੂਨਿਟ ਵੱਲੋਂ ਕੀਤੇ ਕਾਰਜਾਂ ਨੂੰ ਅਧਾਰ ਬਣਾ ਕੇ ਵਿਦਿਆਰਥੀਆਂ ਤੱਕ ਇਕ ਸੁਨੇਹਾ ਪਹੁੰਚਾਉਣ ਦਾ ਯਤਨ ਸੀ। ਇਸ ਸਮਾਰੋਹ ਦੌਰਾਨ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਐੱਨ ਐੱਸ ਐੱਸ ਪ੍ਰੋਗਰਾਮ ਕੁਆਰਡੀਨੇਟਰ ਡਾ. ਹਰਮੀਤ ਸਰਲਾਚ ਅਤੇ ਡਾ. ਐੱਨ ਕੇ ਛੁਨੇਜਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਮਾਰੋਹ ਵਿਚ ਸ਼ਾਮਲ ਹੋਏ ਵਾਲੰਟੀਅਰਾਂ ਨੇ ਸਕੈੱਚ ਡਰਾਇੰਗ ਅਤੇ ਚਿੱਤਰ ਬਣਾਉਣ ਦੇ ਮੁਕਾਬਲੇ ਰਾਹੀਂ ਸਮਾਜਿਕ ਮੁੱਦਿਆਂ ਬਾਰੇ ਪੇਸ਼ਕਾਰੀ ਕੀਤੀ। ਇਨ੍ਹਾਂ ਮੁਕਾਬਲਿਆਂ ਦੇ ਨਿਰਣਾਇਕ ਮੰਡਲ ਵਿਚ ਡਾ. ਰਤੇਸ਼ ਜੈਨ ਅਤੇ ਡਾ. ਮਨਪ੍ਰੀਤ ਕੌਰ ਸ਼ਾਮਲ ਸਨ।
ਡਾ. ਨਿਰਮਲ ਜੌੜਾ ਨੇ ਐੱਨ ਐੱਸ ਐੱਸ ਵਾਲੰਟੀਅਰਾਂ ਵੱਲੋਂ ਯੂਨੀਵਰਸਿਟੀ ਵਿਚ ਕੀਤੇ ਜਾਂਦੇ ਹਾਂ ਪੱਖੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਸਮਾਜ ਦੀ ਉਸਾਰੀ ਲਈ ਯੂਨਿਟ ਦੇ ਯੋਗਦਾਨ ਨੂੰ ਵਡਿਆਇਆ। ਡਾ. ਰੁਪਿੰਦਰਪਾਲ ਸਿੰਘ ਨੇ ਯੂਨਿਟ ਦੇ ਇਤਿਹਾਸ ਬਾਰੇ ਗੱਲ ਕੀਤੀ। ਇਸ ਦੌਰਾਨ ਹੋਏ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸਾਕਸ਼ੀ ਰਾਜ ਅਤੇ ਕਨਿਕਾ ਸ਼ਰਮਾ ਨੂੰ ਮਿਲਿਆ, ਨੀਲ ਕਮਲ ਕੌਰ ਦੂਸਰੇ ਸਥਾਨ ਅਤੇ ਪ੍ਰੀਸ਼ਾ ਸ਼ਰਮਾ ਅਤੇ ਮਿਤਾਲੀ ਨੂੰ ਸਾਂਝੇ ਤੌਰ ’ਤੇ ਤੀਸਰਾ ਸਥਾਨ ਹਾਸਲ ਹੋਇਆ।