ਐੱਨ ਆਰ ਆਈ ਕਤਲ ਮਾਮਲਾ: ਜਾਅਲੀ ਆਧਾਰ ਕਾਰਡ ਤੇ ਪੈਸੇ ਦੇ ਲੈਣ-ਦੇਣ ਦੀ ਜਾਂਚ ਜਾਰੀ
ਅਮਰੀਕਾ ਤੋਂ ਆਈ ਰੁਪਿੰਦਰ ਕੌਰ ਪੰਧੇਰ ਦੇ ਕਤਲ ਕੇਸ ਵਿੱਚ ਲੁਧਿਆਣਾ ਪੁਲੀਸ ਜਾਂਚ ਵਿੱਚ ਲੱਗੀ ਹੋਈ ਹੈ। ਮੁਲਜ਼ਮ ਸੁਖਜੀਤ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਰੁਪਿੰਦਰ ਕੌਰ ਦਾ ਜਾਅਲੀ ਆਧਾਰ ਕਾਰਡ ਵੀ ਬਣਾਇਆ ਸੀ। ਸੁਖਜੀਤ ਨੂੰ ਤਿੰਨ ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਸ਼ਨਿੱਚਰਵਾਰ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜਾਂਚ ਦੌਰਾਨ ਹੁਣ ਤੱਕ ਖੁਲਾਸਾ ਹੋਇਆ ਕਿ ਸੁਖਜੀਤ ਨੇ ਰੁਪਿੰਦਰ ਕੌਰ ਲਈ ਇੱਕ ਜਾਅਲੀ ਆਧਾਰ ਕਾਰਡ ਬਣਾਇਆ ਸੀ, ਜਿਸ ਵਿੱਚ ਉਸ ਨੇ ਇੱਕ ਜਾਅਲੀ ਪਤਾ ਲਿਖਿਆ ਸੀ। ਇਸ ਤੋਂ ਇਲਾਵਾ, ਪੁਲੀਸ ਰੁਪਿੰਦਰ ਕੌਰ ਵੱਲੋਂ ਸੁਖਜੀਤ ਦੇ ਖਾਤੇ ਵਿੱਚ ਕੀਤੇ ਪੈਸੇ ਦੇ ਲੈਣ-ਦੇਣ ਦੀ ਵੀ ਜਾਂਚ ਕਰ ਰਹੀ ਹੈ। ਐਨ ਆਰ ਆਈ ਰੁਪਿੰਦਰ ਕੌਰ ਦੇ ਕਤਲ ਦਾ ਭੇਤ ਉਦੋਂ ਖੁੱਲ੍ਹਿਆ ਸੀ ਜਦੋਂ ਪੁਲੀਸ ਨੂੰ ਸੁਖਜੀਤ ’ਤੇ ਸ਼ੱਕ ਹੋਇਆ। ਪੁੱਛਗਿੱਛ ਕਰਨ ’ਤੇ ਉਸ ਨੇ ਸਭ ਕੁਝ ਦੱਸ ਦਿੱਤਾ। ਪੁਲੀਸ ਦੇ ਸ਼ੱਕ ਸੀ ਕਿ ਸੁਖਜੀਤ ਨੇ ਆਪਣੇ ਘਰ ਵਿੱਚ ਸਿਰਫ਼ ਇੱਕ ਕਮਰੇ ਦੀ ਮੁਰੰਮਤ ਕਿਉਂ ਕੀਤੀ ਸੀ, ਜਿਸ ਵਿੱਚ ਉਸ ਨੇ ਐਨਆਰਆਈ ਰੁਪਿੰਦਰ ਕੌਰ ਦੀ ਲਾਸ਼ ਨੂੰ ਸਾੜਿਆ ਸੀ। ਜਿਸ ਦੌਰਾਨ ਟਾਈਲਾਂ ਸਣੇ ਕਈ ਚੀਜ਼ਾਂ ਨੂੰ ਨੁਕਸਾਨ ਪਹੁੰਚਿਆ ਸੀ। ਸੁਖਜੀਤ ਦਾ ਭਰਾ ਅਤੇ ਭੈਣ ਕੁਝ ਦਿਨਾਂ ਲਈ ਬਾਹਰ ਗਏ ਹੋਏ ਸਨ। ਵਾਪਸ ਆਉਣ ਤੋਂ ਪਹਿਲਾਂ ਸੁਖਜੀਤ ਨੇ ਰੁਪਿੰਦਰ ਕੌਰ ਦੀਆਂ ਹੱਡੀਆਂ ਨਾਲੇ ਵਿੱਚ ਸੁੱਟ ਦਿੱਤੀਆਂ ਅਤੇ ਪੂਰੇ ਕਮਰੇ ਦੀ ਮੁਰੰਮਤ ਕੀਤੀ। ਜਦੋਂ ਉਹ ਵਾਪਸ ਆਏ, ਤਾਂ ਉਨ੍ਹਾਂ ਨੂੰ ਕਮਰਾ ਪੂਰੀ ਤਰ੍ਹਾਂ ਸਹੀ ਮਿਲਿਆ। ਉਨ੍ਹਾਂ ਨੇ ਐਨਆਰਆਈ ਰੁਪਿੰਦਰ ਕੌਰ ਬਾਰੇ ਪੁੱਛਗਿੱਛ ਕੀਤੀ, ਤਾਂ ਉਸਨੇ ਪਰਿਵਾਰ ਨੂੰ ਦੱਸਿਆ ਕਿ ਉਹ ਲਾਪਤਾ ਹੈ।