ਐੱਨਪੀਐੱਸ ਮੁਲਾਜ਼ਮਾਂ ਵੱਲੋਂ ਕੇਂਦਰ ਤੇ ਸੂਬਾ ਸਰਕਾਰਾਂ ਖ਼ਿਲਾਫ਼ ਪ੍ਰਦਰਸ਼ਨ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਬਲਾਕ ਕਨਵੀਨਰ ਪਾਲ ਸਿੰਘ ਬੈਨੀਪਾਲ ਰੌਣੀ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਵਿੱਚ ਕੀਤੀ ਜਾ ਬੇਲੋੜੀ ਦੇਰੀ ਦੇ ਰੋਸ ਕਾਰਨ ਦੋਹਾਂ ਜਥੇਬੰਦੀਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਸਾਂਝਾ ਮੋਰਚਾ ਖੋਲ੍ਹ ਦਿੱਤਾ ਹੈ।
ਕੁਲਵੀਰ ਸਿੰਘ, ਇੰਦਰਜੀਤ ਸਿੰਗਲਾ ਤੇ ਹਰਬੰਸ ਸਿੰਘ ਪੱਪਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ ਵੱਲੋਂ ਦੇਸ਼ ਪੱਧਰ ਤੇ ਦਿੱਤੇ ਪ੍ਰੋਗਰਾਮ ਨੂੰ ਦੋਨੋਂ ਜੱਥੇਬੰਦੀਆਂ ਮਿਲ ਕੇ ਲਾਗੂ ਕਰਨਗੀਆਂ। ਜਿਸ ਦੀ ਲੜੀ ਤਹਿਤ ਪਹਿਲੀ ਅਗਸਤ 2025 ਨੂੰ ਦੇਸ਼ ਦੇ ਹਰ ਜ਼ਿਲ੍ਹਾ ਹੈੱਡ ਕੁਆਰਟਰ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਐੱਨਪੀਐੱਸ, ਯੂਪੀਐੱਸ ਦੀ ਵਿਰੋਧਤਾ ਅਤੇ ਨਿੱਜੀਕਰਨ ਦੇ ਵਿਰੁੱਧ ਇੱਕ ਦਿਨਾਂ ਰੋਸ ਮਾਰਚ ਕੱਢਿਆ ਜਾਵੇਗਾ, 5 ਸਤੰਬਰ 2025 ਨੂੰ ਅਧਿਆਪਕ ਦਿਵਸ ਮੌਕੇ ਦੇਸ਼ ਦੇ ਹਰ ਜ਼ਿਲ੍ਹਾ ਹੈੱਡ ਕੁਆਰਟਰ ਤੇ ਇੱਕ ਦਿਨ ਦੀ ਭੁੱਖ ਹੜਤਾਲ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਰੱਖੀ ਜਾਵੇਗੀ। ਪਹਿਲੀ ਅਕਤੂਬਰ 2025 ਨੂੰ ਸੋਸ਼ਲ ਮੀਡੀਆ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਮੁਹਿੰਮ ਚਲਾਈ ਜਾਵੇਗੀ। 25 ਨਵੰਬਰ 2025 ਨੂੰ ਦਿੱਲੀ ਵਿਖੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਐੱਨਪੀਐੱਸ, ਯੂਪੀਐੱਸ ਵਿਰੋਧਤਾ ਅਤੇ ਨਿੱਜੀਕਰਨ ਦੇ ਵਿਰੁੱਧ ਕੌਮੀ ਪੱਧਰੀ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਦੇਸ਼ ਭਰ ਦੇ ਐੱਨਪੀਐੱਸ ਮੁਲਾਜ਼ਮ ਹਿੱਸਾ ਲੈਣਗੇ।
ਭੁਪਿੰਦਰ ਤ੍ਰਿਵੇਦੀ, ਰਾਜ ਵਰਿੰਦਰ ਸਿੰਘ ਮਾਂਹਪੁਰ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਨੋਟੀਫਿਕੇਸ਼ਨ ਕਰ ਪੁਰਾਣੀ ਪੈਨਸ਼ਨ ਬਹਾਲੀ ਤੋਂ ਭੱਜ ਰਹੀ ਹੈ ਉੱਥੇ ਹੀ ਕੇਂਦਰ ਸਰਕਾਰ ਤੇ ਛੱਤੀਸਗੜ੍ਹ ਦੀ ਬੀਜੇਪੀ ਸਰਕਾਰ ਨੇ ਰਾਜ ਵਿੱਚ ਮੁੜ ਯੂਪੀਐਸ ਲਾਗੂ ਕਰ ਐੱਨਪੀਐੱਸ ਕਰਮਚਾਰੀਆਂ ਦੇ ਜ਼ਖ਼ਮਾਂ ਤੇ ਲੂਣ ਛਿੜਕ ਰਹੀ ਹੈ। ਬਲਾਕ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਸਿਰਥਲਾ, ਪਰਗਟ ਸਿੰਘ ਨੌਹਰਾ, ਸ਼ਿੰਗਾਰਾ ਸਿੰਘ, ਅਮਨਪ੍ਰੀਤ ਸਿੰਘ, ਦਰਸ਼ਨ ਸਿੰਘ ਜਲਾਜਣ, ਜਗਤਾਰ ਸਿੰਘ, ਕੁਲਵਿੰਦਰ ਖੰਨਾ,ਸੁਰਜੀਤ ਸਿੰਘ ਸੇਹ, ਮਨਦੀਪ ਸਿੰਘ ਜਰਗੜੀ, ਨਾਇਬ ਸਿੰਘ ਤੁਰਮਰੀ, ਦਵਿੰਦਰ ਖੰਨਾ, ਹਰਭਗਤ ਸਿੰਘ ਤੁਰਮਰੀ, ਅਮਨਦੀਪ ਸਿੰਘ ਜਲਾਜਣ, ਦਵਿੰਦਰ ਸਿੰਘ ਸਲੋਦੀ, ਰਾਕੇਸ਼ ਕੁਮਾਰ ਵੀ ਹਾਜ਼ਰ ਸਨ।