ਖੇਤਰੀ ਪ੍ਰਤੀਨਿਧ
ਲੁਧਿਆਣਾ, 5 ਜੁਲਾਈ
ਗੁਰੂ ਨਾਨਕ ਦੇਵ ਭਵਨ, ਲੁਧਿਆਣਾ ਵਿੱਚ ਨਿਊਯਾਰਕ ਇੰਸਟੀਚਿਊਟ ਆਫ਼ ਫੈਸ਼ਨ (ਐੱਨਆਈਐੱਫ) ਲੁਧਿਆਣਾ ਦੇ ਗ੍ਰੈਜੂਏਟ ਫੈਸ਼ਨ ਸ਼ੋਅ ‘ਨੈਕਸਟ’ ਵਿੱਚ ਬੱਚਿਆਂ ਦੀ ਪ੍ਰਤਿਭਾ ਦੇਖਣ ਨੂੰ ਮਿਲੀ। ਫੈਸ਼ਨ ਸ਼ੋਅ ਦੀ ਸ਼ੁਰੂਆਤ ਓਕਟੇਵ ਅਪ੍ਰੈਲਸ ਤੋਂ ਬਲਬੀਰ ਕੁਮਾਰ, ਮਾਈ ਆਰਕਸ ਤੋਂ ਗੁਰਨਾਮ ਕੌਰ ਅਤੇ ਸੀਏ ਸੰਜੀਵ ਜੈਨ ਨੇ ਸਾਂਝੇ ਤੌਰ ’ਤੇ ਕੀਤੀ । ਇਹ ਸ਼ੋਅ ਇੱਕ ਅਜਿਹਾ ਪਲੇਟਫਾਰਮ ਬਣ ਗਿਆ ਜਿੱਥੇ ਫੈਸ਼ਨ ਜਗਤ ਦੇ ਉੱਭਰਦੇ ਸਿਤਾਰਿਆਂ ਨੇ ਗਲੈਮਰ ਅਤੇ ਤਕਨੀਕੀ ਹੁਨਰ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਪੇਸ਼ੇਵਰ ਮਾਡਲਾਂ ਨੇ ਰੈਂਪ ’ਤੇ ਵਾਕ ਕੀਤਾ। ਸੰਸਥਾ ਦੇ ਪਹਿਲੇ, ਦੂਜੇ ਅਤੇ ਆਖਰੀ ਸਾਲ ਦੇ ਲਗਪਗ 25 ਤੋਂ 30 ਡਿਜ਼ਾਈਨਰਾਂ ਨੇ ਆਪਣੇ ਸੰਗ੍ਰਹਿ ਪੇਸ਼ ਕੀਤੇ। ਇਸ ਦੌਰਾਨ ਵੱਖ ਵੱਖ ਡਿਜਾਈਨਾਂ ਦੇ ਲਗਭਗ 100 ਕੱਪੜੇ ਤਿਆਰ ਕੀਤੇ ਗਏ ਸਨ। ਬੱਚਿਆਂ ਨੇ ਇਹ ਸੰਗ੍ਰਹਿ ਇਕੱਲੇ ਅਤੇ ਸਮੂਹਾਂ ਵਿੱਚ ਪੇਸ਼ ਕੀਤਾ।
ਇਸ ਸੰਗ੍ਰਹਿ ਵਿੱਚ ਸਟ੍ਰੀਟ ਵੇਅਰ, ਯੂਨੀਸੈਕਸ ਇੰਡੋ-ਵੈਸਟਰਨ, ਫਾਰਮਲ, ਐਥਨਿਕ ਅਤੇ ਪਾਰਟੀ ਵੇਅਰ ਸ਼ਾਮਲ ਸਨ। ਫੈਸ਼ਨ ਸ਼ੋਅ ਵਿੱਚ ਕੁੱਲ 11 ਦੌਰ ਸਨ। ਐਨਆਈਐਫ ਗਲੋਬਲ ਦੇ ਬੱਚੇ ਗ੍ਰੈਜੂਏਟਿੰਗ ਫੈਸ਼ਨ ਸ਼ੋਅ ਲਈ ਬਹੁਤ ਉਤਸ਼ਾਹਿਤ ਦਿਖਾਈ ਦੇ ਰਹੇ ਸਨ। ਐਨਆਈਐਫ ਗਲੋਬਲ ਦੇ ਸੀਈਓ ਮੋਨਾ ਲਾਲ ਅਤੇ ਅਰਵਿੰਦ ਨੇ ਕਿਹਾ ਕਿ ਬੱਚਿਆਂ ਨੂੰ ਇਸ ਗ੍ਰੈਜੂਏਟਿੰਗ ਫੈਸ਼ਨ ਸ਼ੋਅ ਰਾਹੀਂ ਆਪਣੀ ਪ੍ਰਤਿਭਾ ਦਿਖਾਉਣ ਲਈ ਵਧੀਆ ਪਲੇਟਫਾਰਮ ਮਿਲਿਆ। ਜਿਸ ਵਿੱਚ ਵਿਦਿਆਰਥੀਆਂ ਨੇ ਸੰਸਥਾ ਤੋਂ ਹੁਣ ਤੱਕ ਪ੍ਰਾਪਤ ਕੀਤੀ ਸਿਖਲਾਈ ਨੂੰ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਆਪਣੀ ਸਿਰਜਣਾਤਮਕਤਾ ਅਤੇ ਆਤਮਵਿਸ਼ਵਾਸ ਦਾ ਪ੍ਰਦਰਸ਼ਨ ਕੀਤਾ। ਇਸ ਸ਼ੋਅ ਵਿੱਚ ਕਈ ਅਜਿਹੇ ਸੰਗ੍ਰਹਿ ਸ਼ਾਮਲ ਸਨ ਜੋ ਪਹਿਲਾਂ ਹੀ ਦੁਨੀਆ ਦੇ ਪ੍ਰਮੁੱਖ ਫੈਸ਼ਨ ਹਫ਼ਤਿਆਂ ਜਿਵੇਂ ਕਿ ਨਿਊਯਾਰਕ ਫੈਸ਼ਨ ਵੀਕ, ਲੰਡਨ ਫੈਸ਼ਨ ਵੀਕ, ਦੁਬਈ ਫੈਸ਼ਨ ਵੀਕ, ਲੈਕਮੇ ਫੈਸ਼ਨ ਵੀਕ ਵਿੱਚ ਪੇਸ਼ ਕੀਤੇ ਜਾ ਚੁੱਕੇ ਹਨ। ਐਨਆਈਐਫ ਇੰਸਟੀਚਿਊਟ ਰਾਹੀਂ, ਬੱਚਿਆਂ ਨੂੰ ਲੰਡਨ ਦੀ ਮਸ਼ਹੂਰ ਡੀ ਮੋਂਟਫੋਰਟ ਯੂਨੀਵਰਸਿਟੀ ਵਿੱਚ ਦੂਜੇ ਸਾਲ ਤੋਂ ਆਪਣੀ ਪੜ੍ਹਾਈ ਜਾਰੀ ਰੱਖਣ ਦਾ ਮੌਕਾ ਵੀ ਮਿਲਦਾ ਹੈ, ਜੋ ਉਨ੍ਹਾਂ ਨੂੰ ਅੰਤਰਰਾਸ਼ਟਰੀ ਫੈਸ਼ਨ ਦੇ ਕੇਂਦਰ ਵਿੱਚ ਲੈ ਜਾਂਦਾ ਹੈ।