ਨਵਾਂ ਬਣਿਆ ਸੂਏ ਦਾ ਪੁਲ ਟੁੱਟਿਆ; ਸਰਕਾਰ ਦੇ ਕੰਮਾਂ ਦੀ ਖੁੱਲ੍ਹੀ ਪੋਲ
ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦੀ ਪੋਲ ਓਦੋਂ ਖੁੱਲ ਗਈ, ਜਦੋਂ ਹਲਕਾ ਪਾਇਲ ਦੇ ਪਿੰਡ ਕਰੌਦੀਆਂ ਦੇ ਕੋਲੋਂ ਦੀ ਲੰਘ ਰਹੇ ਸੂਏ ਦਾ ਪੁਲ ਰੇਤੇ ਨਾਲ ਭਰੇ ਟਰੱਕ ਦੇ ਲੰਘਣ ਵੇਲੇ ਟੁੱਟ ਗਿਆ। ਭਾਵੇਂ...
ਆਮ ਆਦਮੀ ਪਾਰਟੀ ਦੀ ਸਰਕਾਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦੀ ਪੋਲ ਓਦੋਂ ਖੁੱਲ ਗਈ, ਜਦੋਂ ਹਲਕਾ ਪਾਇਲ ਦੇ ਪਿੰਡ ਕਰੌਦੀਆਂ ਦੇ ਕੋਲੋਂ ਦੀ ਲੰਘ ਰਹੇ ਸੂਏ ਦਾ ਪੁਲ ਰੇਤੇ ਨਾਲ ਭਰੇ ਟਰੱਕ ਦੇ ਲੰਘਣ ਵੇਲੇ ਟੁੱਟ ਗਿਆ। ਭਾਵੇਂ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ ਵੱਡੇ ਪੱਧਰ ’ਤੇ ਸੂਏ ਪੱਕੇ ਕੀਤੇ ਜਾ ਰਹੇ ਹਨ, ਹਰ ਲਿੰਕ ਸੜਕਾਂ ਤੇ ਸੂਇਆਂ ਦੇ ਨਹਿਰੀ ਪੁਲ ਉਸਾਰੇ ਜਾ ਰਹੇ ਹਨ, ਜੋ ਲੋਕਾਂ ਵੱਲੋਂ ਸੂਬਾ ਸਰਕਾਰ ਦਾ ਸ਼ਲਾਘਾਯੋਗ ਉਪਰਾਲੇ ਦੱਸਿਆ ਜਾ ਰਿਹਾ ਹੈ, ਪਰ ਕਰੌਦੀਆਂ ਪਿੰਡ ਲਾਗੇ ਲੱਗੇ ਨਵੇਂ ਸੂਏ ਦੇ ਪੁਲ ਦਾ ਟੁੱਟ ਜਾਣਾ, ਸਰਕਾਰ ਦੇ ਕੰਮ ’ਤੇ ਸਵਾਲੀਆ ਚਿੰਨ੍ਹ ਹੈ। ਸਾਬਕਾ
ਪ੍ਰਧਾਨ ਗੁਰਜੀਤ ਸਿੰਘ ਕਰੌਦੀਆਂ, ਜਥੇਦਾਰ ਸੁਖਪ੍ਰੀਤ ਸਿੰਘ ਰੰਧਾਵਾ ਅਤੇ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਨਵੇਂ ਬਣੇ ਸੂਏ ਦੇ ਪੁਲ ਦਾ ਟੁੱਟਣ, ਠੇਕੇਦਾਰ ਵੱਲੋਂ ਵਰਤੇ ਜਾ ਰਹੇ ਘਟੀਆ ਮਟੀਰੀਅਲ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਪੱਕੇ ਕੀਤੇ ਜਾ ਰਹੇ ਸੂਏ ਤੇ ਪੁਲਾਂ ਲਈ ਵਰਤੇ ਗਏ ਘਟੀਆ ਮਟੀਰੀਅਲ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਨਹਿਰੀ ਵਿਭਾਗ ਦੇ ਐੱਸ ਡੀ ਓ ਨੇ ਕਿਹਾ ਕਿ ਇਸ ਸਮੇਂ ਪੁਲ ਦਾ ਕੰਮ ਚੱਲ ਰਿਹਾ ਹੈ ਜੋ ਗਿੱਲਾ ਹੋਣ ਕਰਕੇ ਭਾਰਾ ਵਾਹਨ ਲੰਘਣ ਯੋਗ ਨਹੀਂ ਸੀ। ਪੁਲ ’ਤੇ ਕੰਮ ਕਰ ਰਹੇ ਕਾਮਿਆਂ ਨੇ ਟਿੱਪਰ ਚਾਲਕ ਨੂੰ ਰੋਕਿਆ ਸੀ ਪਰ ਡਰਾਈਵਰ ਨੇ ਧੱਕੇ ਨਾਲ ਟਿੱਪਰ ਪੁੱਲ ਉਤੇ ਚਾੜ੍ਹ ਦਿੱਤਾ, ਜਿਸ ਕਾਰਨ ਪੁਲ ਟੁੱਟ ਗਿਆ। ਪੁਲ ਦਾ ਨੁਕਸਾਨ ਕਰਨ ਵਾਲੇ ਟਿੱਪਰ ਚਾਲਕ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

