ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁੱਖੀ ਬਾਠ ਤੇ ਪ੍ਰਾਜੈਕਟ ‘ਨਵੀਆਂ ਕਲਮਾਂ ਨਵੀਂ ਉਡਾਣ’ ਦੇ ਇੰਚਾਰਜ ਉਂਕਾਰ ਸਿੰਘ ਤੇਜੇ ਨੇ ਇੱਕ ਰੋਜ਼ਾ ਬਾਲ ਸਾਹਿਤ ਕਿਤਾਬ ਲੋਕ ਅਰਪਣ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਘੁੰਗਰਾਲੀ ਸਿੱਖਾਂ ਦੇ ਬਾਲ ਲੇਖਕਾਂ ਤੇ ਗਾਈਡ ਅਧਿਆਪਕਾਂ ਦਾ ਸਕੂਲ ਪਹੁੰਚਣ ’ਤੇ ਸਵੇਰ ਦੀ ਸਭਾ ਵਿੱਚ ਪ੍ਰਿੰਸੀਪਲ ਰੇਨੂੰ ਬਾਲਾ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਚਾਰ ਬਾਲ ਲੇਖਕਾਂ, ਮੁੱਖ ਸੰਪਾਦਕ ਲਾਇਬ੍ਰੇਰੀਅਨ ਨਰਿੰਦਰ ਸਿੰਘ ਅਤੇ ਗਾਈਡ ਅਧਿਆਪਕ ਹਰਪਾਲ ਸਿੰਘ (ਪੰਜਾਬੀ ਮਾਸਟਰ) ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਆ ਗਿਆ।
ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੁੜਨ ਅਤੇ ਮੌਲਿਕ ਰਚਨਾਵਾਂ ਲਿਖਣ ਲਈ ਪ੍ਰੇਰਿਤ ਕੀਤਾ, ਉਨ੍ਹਾਂ ਨੇ ਇਸ ਪ੍ਰੋਜੈਕਟ ਦੀ ਸ਼ਲਾਘਾ ਕੀਤੀ ਅਤੇ ਬੱਚਿਆਂ ਨੂੰ ਲੁਧਿਆਣਾ ਜ਼ਿਲ੍ਹੇ ਦੀ ਆਉਣ ਵਾਲੀ ਤੀਜੀ ਕਿਤਾਬ ਵਿੱਚ ਰਚਨਾਵਾਂ ਦੇਣ ਲਈ ਉਤਸ਼ਾਹਿਤ ਕੀਤਾ। ਦੂਜੀ ਕਿਤਾਬ ਦੇ ਮੁੱਖ ਸੰਪਾਦਕ ਨਰਿੰਦਰ ਸਿੰਘ ਬਿਜਲੀਪੁਰ ਨੇ ਦੱਸਿਆ ਕਿ ਇਹ ਪ੍ਰਾਜੈਕਟ ‘ਨਵੀਆਂ ਕਲਮਾਂ ਨਵੀਂ ਉਡਾਣ’ ਬੱਚਿਆਂ ਦਾ ਆਪਣਾ ਪ੍ਰਾਜੈਕਟ ਹੈ, ਜਿਸ ਵਿੱਚ ਬੱਚੇ ਆਪਣੀ ਆਪਣੀ ਮੌਲਿਕ ਰਚਨਾ ਛਪਵਾ ਸਕਦੇ ਹਨ। ਗਾਈਡ ਅਧਿਆਪਕ ਹਰਪਾਲ ਸਿੰਘ ਨੇ ਬੱਚਿਆਂ ਨੂੰ ਸਾਹਿਤ ਨਾਲ ਜੁੜਨ ਲਈ ਅਤੇ ਸਮਾਜ ਨੂੰ ਚੰਗੀ ਸੇਧ ਦੇਣ ਲਈ ਚੰਗਾ ਸਾਹਿਤ ਲਿਖਣ ਲਈ ਪ੍ਰੇਰਿਤ ਕੀਤਾ। ਅਖੀਰ ਵਿੱਚ ਸਕੂਲ ਦੇ ਬਾਲ ਲੇਖਕਾਂ ਨੇ ਆਪਣੀਆਂ ਮੌਲਿਕ ਰਚਨਾਵਾਂ ਜੋ ਕਿ ਦੂਜੀ ਕਿਤਾਬ ਵਿੱਚ ਛਪੀਆਂ ਹਨ, ਉਹ ਗਾ ਕੇ ਪੇਸ਼ ਕੀਤੀਆਂ।