ਕਾਂਗਰਸ ’ਚ ਗਏ ‘ਆਪ’ ਕੌਂਸਲਰ ਦੇ ਭਤੀਜੇ ਦੀ 7 ਦਿਨਾਂ ਬਾਅਦ ਵਾਪਸੀ
ਗਗਨਦੀਪ ਅਰੋੜਾ
ਲੁਧਿਆਣਾ, 7 ਜੂਨ
ਲੁਧਿਆਣਾ ਦੇ ਹਲਕਾ ਪੱਛਮੀ ਜ਼ਿਮਨੀ ਚੋਣ ਦੀ ਸ਼ੁਰੂਆਤ ਹੁੰਦੇ ਹੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਗਏ ‘ਆਪ’ ਦੇ ਵਾਰਡ ਨੰਬਰ 58 ਤੋਂ ਮੌਜੂਦਾ ਕੌਂਸਲਰ ਸੰਨੀ ਮਾਸਟਰ ਤੇ ਸਾਬਕਾ ਵਿਧਾਇਕ ਗੁਰਪ੍ਰੀਤ ਗੋਗੀ ਦਾ ਭਤੀਜਾ ਪਰਮਵੀਰ ਸਿੰਘ ਰੌਣੀ 7 ਦਿਨਾਂ ਬਾਅਦ ਹੀ ਕਾਂਗਰਸ ਨੂੰ ਛੱਡ ਮੁੜ ‘ਆਪ’ ਵਿੱਚ ਸ਼ਾਮਲ ਹੋ ਗਿਆ ਹੈ।
‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਪਾਰਟੀ ਆਗੂ ਡਾ. ਸੰਨੀ ਆਹਲੂਵਾਲੀਆ ਅਤੇ ਵਿਧਾਇਕ ਇੰਦਰਬੀਰ ਸਿੰਘ ਨਿੱਝਰ ਦੀ ਮੌਜੂਦਗੀ ਵਿੱਚ ਸੰਨੀ ਮਾਸਟਰ ਅਤੇ ਰੌਣੀ ਨੂੰ ਰਸਮੀ ਤੌਰ ’ਤੇ ਪਾਰਟੀ ਵਿੱਚ ਦੁਬਾਰਾ ਸ਼ਾਮਲ ਕਰਾਇਆ ਅਤੇ ਉਨ੍ਹਾਂ ਦੀ ਘਰ ਵਾਪਸੀ ਕਰਾਈ। ਪਾਰਟੀ ਵਿੱਚ ਵਾਪਸੀ ਤੋਂ ਬਾਅਦ ਕੌਂਸਲਰ ਸੰਨੀ ਮਾਸਟਰ ਨੇ ਕਿਹਾ ਕਿ ਕਾਂਗਰਸ ਵਿੱਚ 7 ਦਿਨਾਂ ਵਿੱਚ ਹੀ ਉਨ੍ਹਾਂ ਦਾ ਮਨ ਘੁੱਟਣਾ ਲੱਗ ਗਿਆ ਸੀ, ਉੱਥੇ ਸਿਰਫ਼ ਅੰਦਰੂਨੀ ਲੜਾਈ ਅਤੇ ਧੜੇਬੰਦੀ ਹੈ। ਆਮ ਲੋਕਾਂ ਦਾ ਕੋਈ ਸਤਿਕਾਰ ਨਹੀਂ ਹੈ। ਉੱਥੇ ਜਾਣ ਤੋਂ ਬਾਅਦ, ਮੈਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ, ਫਿਰ ਮੈਂ ਅੱਜ ਵਾਪਸ ਆਉਣ ਦਾ ਫ਼ੈਸਲਾ ਕੀਤਾ।
ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਵਿੱਚ ਆਮ ਲੋਕਾਂ ਲਈ ਕੋਈ ਜਗ੍ਹਾਂ ਨਹੀਂ ਹੈ। ਆਮ ਆਦਮੀ ਪਾਰਟੀ ਆਮ ਲੋਕਾਂ ਦੀ ਅਸਲੀ ਪਾਰਟੀ ਹੈ। ਇਹ ਪਾਰਟੀ ਆਮ ਘਰਾਂ ਦੇ ਲੋਕਾਂ ਨੂੰ ਵਿਧਾਇਕ ਅਤੇ ਮੰਤਰੀ ਬਣਨ ਦਾ ਮੌਕਾ ਦਿੰਦੀ ਹੈ। ਰਵਾਇਤੀ ਪਾਰਟੀਆਂ ਵਿੱਚ ਇਹ ਕਦੇ ਵੀ ਸੰਭਵ ਨਹੀਂ ਹੁੰਦਾ। ਪਾਰਟੀ ਦੀ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ ਕਿਹਾ ਕਿ ‘ਆਪ’ ਸਰਕਾਰ ਨੇ ਪੰਜਾਬ ਦੇ ਆਮ ਲੋਕਾਂ ਅਤੇ ਗ਼ਰੀਬਾਂ ਲਈ ਇਤਿਹਾਸਕ ਕੰਮ ਕੀਤੇ ਹਨ। ਮਾਨ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫ਼ਤ ਬਿਜਲੀ, ਮੁਫ਼ਤ ਸਿੱਖਿਆ ਅਤੇ ਡਾਕਟਰੀ ਇਲਾਜ ਦਾ ਲਾਭ ਜ਼ਿਆਦਾਤਰ ਗ਼ਰੀਬ ਲੋਕਾਂ ਨੂੰ ਮਿਲ ਰਿਹਾ ਹੈ। ਜਦੋਂਕਿ ਕਾਂਗਰਸੀ ਆਗੂਆਂ ਦਾ ਆਮ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਹਰ ਰੋਜ਼ ਕੁਰਸੀ ਲਈ ਆਪਸ ਵਿੱਚ ਲੜਦੇ ਹਨ। ਸਿਰਫ਼ ਆਮ ਆਦਮੀ ਪਾਰਟੀ ਹੀ ਗ਼ਰੀਬਾਂ ਦਾ ਭਲਾ ਕਰ ਸਕਦੀ ਹੈ।