ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਗੁਆਂਢੀ ਦਾ ਕਤਲ
ਗਿਆਸਪੁਰਾ ਦੇ ਮੱਕੜ ਕਲੋਨੀ ਇਲਾਕੇ ਵਿੱਚ ਇੱਕ ਵਿਅਕਤੀ ਨੇ ਗੁਆਂਢ ਵਿੱਚ ਰਹਿਣ ਵਾਲੇ ਵਿਅਕਤੀ ਨੂੰ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਮੁਲਜ਼ਮ ਚੁੱਪਚਾਪ ਆਪਣੇ ਪਰਿਵਾਰ ਨਾਲ ਕਮਰਾ ਖਾਲੀ ਕਰ ਕੇ ਭੱਜ ਗਿਆ। ਜਦੋਂ ਮਕਾਨ ਮਾਲਕ ਨੂੰ ਸ਼ੱਕ ਹੋਇਆ ਤਾਂ ਉਹ ਕਮਰੇ ਦੇ ਅੰਦਰ ਗਿਆ, ਕਮਰੇ ਦੇ ਅੰਦਰ ਨੰਦਲਾਲ (30) ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਮੁਲਜ਼ਮ ਨੂੰ ਸ਼ੱਕ ਸੀ ਕਿ ਨੰਦਲਾਲ ਦੇ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਹਨ। ਸੂਚਨਾ ਮਿਲਣ ਤੋਂ ਬਾਅਦ ਗਿਆਸਪੁਰਾ ਥਾਣੇ ਦੇ ਸੀਨੀਅਰ ਅਧਿਕਾਰੀ ਅਤੇ ਪੁਲੀਸ ਪਾਰਟੀ ਮੌਕੇ ’ਤੇ ਪਹੁੰਚੀ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੁਲੀਸ ਨੇ ਗੁਆਂਢੀ ਸ਼ਿਵ ਸਾਗਰ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮ ਦੀ ਭਾਲ ਕਰ ਰਹੀ ਹੈ। ਜਾਂਚ ਤੋਂ ਬਾਅਦ ਪੁਲੀਸ ਨੇ ਨੰਦਲਾਲ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਹੈ।
ਥਾਣਾ ਸਾਹਨੇਵਾਲ ਦੇ ਐੱਸਐੱਚਓ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਤੇ ਮੁਲਜ਼ਮ ਦੋਵੇਂ ਜਸਪਾਲ ਸਿੰਘ ਦੇ ਘਰ ਕਿਰਾਏ ’ਤੇ ਰਹਿੰਦੇ ਸਨ। ਨੰਦਲਾਲ ਅਕਸਰ ਸ਼ਿਵ ਸਾਗਰ ਦੇ ਕਮਰੇ ਵਿੱਚ ਆਉਂਦਾ-ਜਾਂਦਾ ਸੀ। ਕੁਝ ਸਮੇਂ ਤੋਂ ਸ਼ਿਵ ਸਾਗਰ ਨੂੰ ਸ਼ੱਕ ਸੀ ਕਿ ਨੰਦਲਾਲ ਦੇ ਉਸ ਦੀ ਪਤਨੀ ਨਾਲ ਨਾਜਾਇਜ਼ ਸਬੰਧ ਹਨ ਜਿਸ ਕਾਰਨ ਉਨ੍ਹਾਂ ਦਾ ਕਈ ਵਾਰ ਝਗੜਾ ਵੀ ਹੋਇਆ। ਸ਼ਿਵ ਸਾਗਰ ਨੇ ਮੌਕਾ ਦੇਖ ਕੇ ਨੰਦਲਾਲ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਮਾਰ ਦਿੱਤਾ ਤੇ ਤੁਰੰਤ ਪਰਿਵਾਰ ਸਮੇਤ ਕਮਰਾ ਖਾਲੀ ਕਰ ਕੇ ਚਲਾ ਗਿਆ। ਸ਼ੱਕ ਪੈਣ ’ਤੇ ਜਦੋਂ ਮਕਾਨ ਮਾਲਕ ਨੇ ਜਾ ਕੇ ਵੇਖਿਆ ਤਾਂ ਨੰਦਲਾਲ ਦੇ ਕਮਰੇ ਵਿੱਚ ਉਸ ਦੀ ਲਾਸ਼ ਪਈ ਸੀ। ਉਨ੍ਹਾਂ ਤੁਰੰਤ ਪੁਲੀਸ ਨੂੰ ਇਸ ਬਾਰੇ ਸੂਚਨਾ ਦਿੱਤੀ।
ਇੰਸਪੈਕਟਰ ਜਗਦੇਵ ਸਿੰਘ ਨੇ ਕਿਹਾ ਕਿ ਮੁਲਜ਼ਮ ਹਾਲੇ ਫਰਾਰ ਹੈ। ਉਸ ਦੀ ਭਾਲ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਘਟਨਾ ਬਾਰੇ ਨੰਦਲਾਲ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।