ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਲੁਧਿਆਣਾ ਸ਼ਹਿਰੀ ਦੀ ਜਥੇਬੰਦਕ ਕਾਨਫਰੰਸ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਸਥਿਤ ਆਜ਼ਾਦੀ ਘੁਲਾਟੀਏ ਬਾਬਾ ਜਲਵੰਤ ਸਿੰਘ ਹਾਲ ਵਿੱਚ ਹੋਈ ਜਿਸ ਵਿੱਚ ਬੁਲਾਰਿਆਂ ਵੱਲੋਂ ਸੂਬੇ ਦੀ ਮੌਜੂਦਾ ਸਥਿਤੀ ਬਾਰੇ ਚਰਚਾ ਕੀਤੀ ਗਈ। ਕਾਮਰੇਡ ਵਿਜੈ ਕੁਮਾਰ, ਕੁਲਵੰਤ ਕੌਰ ਅਤੇ ਵਿਨੋਦ ਕੁਮਾਰ ਤੇ ਅਧਾਰਿਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਹੋਈ ਕਾਨਫਰੰਸ ਦਾ ਉਦਘਾਟਨ ਪਾਰਟੀ ਦੇ ਸੀਨੀਅਰ ਆਗੂ ਡਾ. ਅਰੁਣ ਮਿੱਤਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਫ਼ਿਰਕੂ ਤਾਕਤਾਂ ਦੇ ਟਾਕਰੇ ਲਈ ਖੱਬੀਆਂ ਅਤੇ ਜਮਹੂਰੀ ਸ਼ਕਤੀਆਂ ਦਾ ਇੱਕ ਵਿਸ਼ਾਲ ਮੁਹਾਜ਼ ਸਮੇਂ ਦੀ ਲੋੜ ਹੈ। ਇਸਤੋਂ ਪਹਿਲਾਂ ਪਾਰਟੀ ਦੇ ਸਕੱਤਰ ਐੱਮ ਐੱਸ ਭਾਟੀਆ ਨੇ ਜਥੇਬੰਦਕ ਰਿਪੋਰਟ ਪੇਸ਼ ਕੀਤੀ ਜਿਸ ਵਿੱਚ ਪਿਛਲੇ ਸਮੇਂ ਵਿੱਚ ਕੀਤੇ ਗਏ ਕੰਮਾਂ ਬਾਰੇ ਦੱਸਿਆ ਗਿਆ। ਇਸ ਮੌਕੇ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਕੇ ਪੀਜੀਆਈ ਵਰਗਾ ਹਸਪਤਾਲ ਬਣਾਉਣ ਅਤੇ ਸਿਹਤ ਸੇਵਾਵਾਂ ਦੇ ਨਿੱਜੀਕਰਨ ਖ਼ਿਲਾਫ਼ ਸੰਘਰਸ਼ ਜਾਰੀ ਰੱਖਣ, ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ, ਟੁੱਟੀਆ ਸੜਕਾਂ, ਅਮਨ ਕਾਨੂੰਨ ਦੀ ਹਾਲਤ, ਬੁੱਢੇ ਨਾਲੇ ਨੂੰ ਪ੍ਰਦੂਸ਼ਣ ਰਹਿਤ ਕਰਨ ਲਈ ਸੰਘਰਸ਼ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ।
ਕਾਮਰੇਡ ਐੱਮ ਐੱਸ ਭਾਟੀਆ ਸ਼ਹਿਰੀ ਇਕਾਈ ਦੇ ਮੁੜ ਸਕੱਤਰ
ਸੀ ਪੀ ਆਈ ਨਵੀਂ ਸ਼ਹਿਰੀ ਕਮੇਟੀ ਚੁਣੀ ਗਈ ਜਿਸ ਵਿੱਚ ਐੱਮ ਐੱਸ ਭਾਟੀਆ ਨੂੰ ਮੁੜ ਸਕੱਤਰ ਚੁਣਿਆ ਗਿਆ। ਕਾਮਰੇਡ ਵਿਜੈ ਕੁਮਾਰ, ਕੁਲਵੰਤ ਕੌਰ ਅਤੇ ਵਿਨੋਦ ਕੁਮਾਰ ਮੁੜ ਸਹਾਇਕ ਸਕੱਤਰ ਅਤੇ ਅਵਤਾਰ ਛਿੱਬੜ ਵਿੱਤ ਸਕੱਤਰ ਚੁਣੇ ਗਏ। ਐਡਵੋਕੇਟ ਰਾਮ ਸਰੂਪ ਨੂੰ ਸ਼ਹਿਰੀ ਕਮੇਟੀ ਦਾ ਲੀਗਲ ਐਡਵਾਈਜ਼ਰ ਅਤੇ ਨੌਜਵਾਨ ਆਗੂ ਕਰਨ ਯਾਦਵ ਨੂੰ ਮੀਡੀਆ ਸੈਲ ਦਾ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਮੌਕੇ 30 ਨਵੰਬਰ ਨੂੰ ਜ਼ਿਲ੍ਹਾ ਲੁਧਿਆਣਾ ਦੀ ਪਾਰਟੀ ਕਾਨਫਰੰਸ ਵਾਸਤੇ ਡੈਲੀਗੇਟਾਂ ਦੀ ਚੋਣ ਕੀਤੀ ਗਈ। ਸੀ ਪੀ ਆਈ ਦੀ ਸ਼ਹਿਰੀ ਦੀ ਕਾਨਫਰੰਸ ਹੋਈ।

