ਨਵਚੇਤਨਾ ਨੇ ਲਵਲੀਨ ਦੀ ਪੜ੍ਹਾਈ ਦਾ ਜ਼ਿੰਮਾ ਚੁੱਕਿਆ
ਫੀਸ, ਵਰਦੀ ਤੇ ਸਟੇਸ਼ਨਰੀ ਦਿੱਤੀ; ਸਿਹਤ ਸਹੂਲਤਾਂ ਦੀ ਜ਼ਿੰਮੇਵਾਰੀ ਲਈ
ਨਵਚੇਤਨਾ ਬਾਲ ਭਲਾਈ ਕਮੇਟੀ ਵੱਲੋਂ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਜਿਸ ਵਿੱਚ ਨਵਚੇਤਨਾ ਵਿਮੈਨ ਫਰੰਟ ਦੇ ਪ੍ਰਧਾਨ ਪੱਲਵੀ ਗਰਗ, ਜਨਰਲ ਸਕੱਤਰ ਰਜਨੀ ਕਾਲੜਾ, ਮੀਤ ਪ੍ਰਧਾਨ ਰੇਖਾ ਬਾਂਸਲ, ਡਾ. ਗੁਰਬਖਸ਼ ਕੌਰ, ਕਮਲਾ ਕਸ਼ਪ ਅਤੇ ਰਵਿੰਦਰ ਸਿੰਘ ਖਾਸ ਤੌਰ ’ਤੇ ਹਾਜ਼ਰ ਰਹੇ। ਪ੍ਰਧਾਨ ਸ਼੍ਰੀ ਸੇਖੋਂ ਅਤੇ ਪੱਲਵੀ ਗਰਗ ਨੇ ਦੱਸਿਆ ਕਿ ਅੱਜ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਲਵਲੀਨ ਕੌਰ ਦੀ ਸਿਹਤ ਅਤੇ ਸਿੱਖਿਆ ਦੀ ਜ਼ਿੰਮੇਵਾਰੀ ਲੈ ਕੇ ਛੇ ਮਹੀਨੇ ਦੇ ਵਜ਼ੀਫੇ, ਵਰਦੀਆਂ ਅਤੇ ਸਟੇਸ਼ਨਰੀ ਨਾਲ ਸਨਮਾਨਿਤ ਕਰਕੇੇ ਹੌਸਲਾ ਵਧਾਇਆ ਗਿਆ। ਸੇਖੋਂ ਨੇ ਦੱਸਿਆ ਕਿ ਲਵਲੀਨ 10+1 (ਮੈਡੀਕਲ) ਦੀ ਵਿਦਿਆਰਥਣ ਹੈ ਅਤੇ ਉਸ ਦੇ ਪਿਤਾ ਜੀ ਨਹੀਂ ਹਨ। ਬੱਚੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਨਵਚੇਤਨਾ ਵੱਲੋਂ ਉਸਦੀ ਸਿਹਤ ਅਤੇ ਸਿੱਖਿਆ ਦੀ ਜ਼ਿੰਮੇਵਾਰੀ ਲਈ ਗਈ ਹੈ। ਇਸ ਮੌਕੇ ਨਵਚੇਤਨਾ ਵੁਮਨ ਫਰੰਟ ਦੇ ਸਕੱਤਰ ਡਾ. ਗੁਰਬਖਸ਼ ਕੌਰ ਅਤੇ ਰਜਨੀ ਕਾਲੜਾ ਨੇ ਦੱਸਿਆ ਕਿ ਨਵਚੇਤਨਾ ਵੱਲੋਂ ਇਸ ਬੱਚੀ ਨੂੰ ਤਦ ਤੱਕ ਇਹ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਜਦ ਤੱਕ ਉਹ ਪੜ੍ਹਨਾ ਚਾਹੁੰਦੀ ਹੈ। ਨਵਚੇਤਨਾ ਵੱਲੋਂ ਹੁਣ ਤੱਕ 20 ਤੋਂ ਵੱਧ ਅਜਿਹੀਆਂ ਵਿਦਿਆਰਥਣਾਂ ਦੀ ਜਿੰਮੇਵਾਰੀ ਲਈ ਗਈ ਹੈ। ਉਹਨਾਂ ਦੱਸਿਆ ਕਿ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਲਈ ਫੰਡ ਨਵਚੇਤਨਾ ਦੇ ਮੈਂਬਰਾਂ ਵੱਲੋਂ ਹੀ ਦਿੱਤਾ ਜਾ ਰਿਹਾ ਹੈ।