ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਸਮਰਾਲਾ ਵੱਲੋਂ ਪੰਜਾਬ ਦੇ ਪ੍ਰਸਿੱਧ ਹਾਕੀ ਖਿਡਾਰੀ ਧਿਆਨ ਚੰਦ ਦੇ ਜਨਮਦਿਨ ਨੂੰ ਸਮਰਪਿਤ ‘ਕੌਮੀ ਖੇਡ ਦਿਵਸ’ ਵਜੋ ਮਨਾਉਂਦਿਆਂ ਸਕੂਲ ਦੇ ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਬੱਚਿਆਂ ਨੇ ਅਧਿਆਪਕਾਂ ਦੁਆਰਾ ਦਿੱਤੇ ਨਿਰਦੇਸ਼ਾਂ ਅਨੁਸਾਰ ਘਰ ਬੈਠਿਆਂ ਹੀ ਆਪਣੇ ਮਾਪਿਆਂ ਦੀ ਦੇਖ-ਰੇਖ ਵਿੱਚ ਵੱਖ-ਵੱਖ ਗਤੀਵਿਧੀਆਂ ਕੀਤੀਆਂ। ਇਨ੍ਹਾਂ ਗਤੀਵਿਧੀਆਂ ਅਧੀਨ ਜਿੱਥੇ ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਖੁੱਲ੍ਹੇ ਮੈਦਾਨ ਵਿੱਚ ਜਾ ਕੇ ਕ੍ਰਿਕਟ, ਬੈਡਮਿੰਟਨ ਆਦਿ ਵਰਗੀਆਂ ਖੇਡਾਂ ਖੇਡਦਿਆਂ ਹੋਇਆਂ ਤੰਦਰੁਸਤੀ ਅਤੇ ਖੁਸ਼ੀ ਭਰੇ ਜੀਵਨ ਜਿਉਣ ਲਈ ਇਨ੍ਹਾਂ ਦੀ ਮਹੱਤਤਾ ਨੂੰ ਪ੍ਰਗਟ ਕੀਤਾ, ਉਥੇ ਹੀ ਤੀਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਸਰੀਰ ਦੀ ਲਚਕਤਾ, ਸੰਤੁਲਨ ਅਤੇ ਮਾਨਸਿਕ ਤੰਦਰੁਸਤੀ ਲਈ ਯੋਗਾ ਆਸਣਾਂ ਦੇ ਮਹੱਤਵ ਨੂੰ ਬਿਆਨ ਕਰਦਿਆਂ ਵੱਖ-ਵੱਖ ਤਰ੍ਹਾਂ ਦੇ ਯੋਗਾ ਆਸਣ ਵੀ ਕੀਤੇ। ਇਨ੍ਹਾਂ ਗਤੀਵਿਧੀਆਂ ਅਧੀਨ ਹੀ ਸਕੂਲ ਦੇ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਸ਼ਣ ਮੁਕਾਬਲੇ ਵਿੱਚ ਕੌਮੀ ਖੇਡ ਦਿਵਸ ਬਾਰੇ ਆਪਣੀ ਜਾਣਕਾਰੀ ਸਾਂਝੀ ਕਰਦਿਆਂ ‘ਮਨੁੱਖ ਦੇ ਚਰਿੱਤਰ ਨਿਰਮਾਣ ਤੇ ਅਨੁਸ਼ਾਸਨਮਈ ਜੀਵਨ ਵਿੱਚ ਖੇਡਾਂ ਦੀ ਭੂਮਿਕਾ’ ਵਿਸ਼ੇ ਉੱਤੇ ਆਪਣੇ ਵਿਚਾਰ ਪ੍ਰਗਟ ਕੀਤੇ।
ਇਸੇ ਤਰ੍ਹਾਂ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ‘ਸ਼ਾਂਤੀਪੂਰਨ ਸਮਾਜ ਨੂੰ ਉਤਸ਼ਾਹਿਤ ਕਰਨ ਲਈ ਖੇਡਾਂ ਦੀ ਭੂਮਿਕਾ’ ਵਿਸ਼ੇ ’ਤੇ ਭਾਸ਼ਣ ਦਿੱਤੇ। ਇਹ ਸਾਰੀਆਂ ਗਤੀਵਿਧੀਆਂ ਬੱਚਿਆਂ ਨੇ ਘਰੇ ਬੈਠ ਕੇ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਪੂਰੀਆਂ ਕੀਤੀਆਂ ਅਤੇ ਮਾਪਿਆਂ ਵੱਲੋਂ ਗਤੀਵਿਧੀ ਕਰਦੇ ਹੋਏ ਬੱਚਿਆਂ ਦੀਆਂ ਵੀਡੀਓ ਬਣਾ ਕੇ ਉਨ੍ਹਾਂ ਦੇ ਇੰਚਾਰਜ ਅਧਿਆਪਕਾਂ ਨੂੰ ਭੇਜੀਆ ਗਈਆਂ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਛੁੱਟੀਆਂ ਦੌਰਾਨ ਇਨ੍ਹਾਂ ਗਤੀਵਿਧੀਆਂ ਨੂੰ ਸਫਲਤਾ ਪੂਰਵਕ ਨੇਪਰੇ ਚੜਾਉਣ ਲਈ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੀ ਸਰਗਰਮ ਸ਼ਮੂਲੀਅਤ ਦੀ ਸਲਾਂਘਾ ਕਰਦਿਆਂ ਸਾਰੇ ਸਮਾਜ ਨੂੰ ਰਾਸ਼ਟਰੀ ਖੇਡ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।