ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫ਼ਾਰ ਵਿਮੈੱਨ, ਝਾੜ ਸਾਹਿਬ ਦੇ ਪ੍ਰਿੰਸੀਪਲ ਡਾ. ਰਜਿੰਦਰ ਕੌਰ ਦੀ ਰਹਿਨੁਮਾਈ ਹੇਠ ਕਾਲਜ ਦੇ ਖੇਡ ਵਿਭਾਗ ਦੇ ਮੁਖੀ ਰਣਬੀਰ ਸਿੰਘ ਸੋਮਲ ਦੀ ਅਗਵਾਈ ਹੇਠ ਨੈਸ਼ਨਲ ਸਪੋਰਟਸ ਦਿਵਸ ਨੂੰ ਸਮਰਪਿਤ ਗੈਸਟ ਲੈਕਚਰ ਕਰਵਾਇਆ ਗਿਆ। ਜਿਸ ਵਿਚ ਪ੍ਰੋ. ਨਿਰਮਲ ਸਿੰਘ ਧਾਰਨੀ ਨੈਸ਼ਨਲ ਵਾਲੀਵਾਲ ਖਿਡਾਰੀ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਡਾ. ਸੁਨੀਤਾ ਕੌਸ਼ਲ ਮੁਖੀ ਸਸ਼ੋਲੋਜੀ ਵਿਭਾਗ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਮੁੱਖ ਵਕਤਾ ਨੇ ਵਿਦਿਅਰਥਣਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਖੇਡਾਂ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਸਹਾਈ ਹੁੰਦੀਆਂ ਹਨ ਅਤੇ ਨਾਲ ਹੀ ਧੀਰਜ, ਅਨੁਸਾਸ਼ਨ, ਸਹਿਣਸ਼ੀਲਤਾ, ਮਿਲਵਰਤਨ ਅਤੇ ਦ੍ਰਿੜਤਾ ਜਿਹੇ ਗੁਣਾਂ ਦਾ ਸਹਿਜ ਸੁਭਾਅ ਹੀ ਸੰਚਾਰ ਕਰਕੇ ਮਨੁੱਖੀ ਸਖਸ਼ੀਅਤ ਨੂੰ ਪ੍ਰਭਾਵਸ਼ਾਲੀ ਬਣਾਉਣ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ। ਖੇਡਾਂ ਮਨ ਵਿਚ ਵਿਕਾਸ ਅਤੇ ਇਕਾਗਰਤਾ ਪੈਦਾ ਕਰਦੀਆਂ ਹਨ ਇਸ ਲਈ ਵਿਦਿਆਰਥਣਾਂ ਨੂੰ ਖੇਡਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਰਾਣਾ ਓਮਵੀਰ ਡਾਇਰੈਕਟਰ ਗੁਰੂ ਗੋਬਿੰਦ ਸਿੰਘ ਸਕੂਲ ਸ੍ਰੀ ਚਮਕੌਰ ਸਾਹਿਬ, ਜਰਨੈਲ ਸਿੰਘ ਡੀ.ਪੀ. ਸ੍ਰੀ ਚਮਕੌਰ ਸਾਹਿਬ, ਮਾਸਟਰ ਸੁਰਿੰਦਰਪਾਲ ਸਿੰਘ ਉੱਘੇ ਸਮਾਜ ਸੇਵੀ ਨੇ ਵੀ ਆਪਣੇ ਵਿਚਾਰ ਵਿਦਿਆਰਥਣਾਂ ਨਾਲ ਸਾਂਝੇ ਕੀਤੇ ਅਤੇ ਖੇਡਾਂ ਪ੍ਰਤੀ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅੰਤ ਵਿਚ ਖੇਡ ਵਿਭਾਗ ਦੇ ਮੁਖੀ ਰਣਬੀਰ ਸਿੰਘ ਸੋਮਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਨੈਸ਼ਨਲ ਸਪੋਰਟਸ ਦਿਵਸ ਮੌਕੇ ਕਾਲਜ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਅਤੇ ਪੰਜਾਬੀ ਸਾਹਿਤ ਸਭਾ ਦੇ ਇੰਚਾਰਜ ਡਾ. ਮਹੀਪਿੰਦਰ ਕੌਰ, ਜਸਵੀਰ ਕੌਰ ਐੱਨ.ਐੱਸ.ਐੱਸ ਪ੍ਰੋਗਰਾਮ ਇੰਚਾਰਜ ਵੱਲੋਂ ਸਾਂਝੇ ਯਤਨਾਂ ਨਾਲ ਵਿਦਿਆਰਥਣਾਂ ਦੀਆਂ ਪੰਜਾਬ ਦੀਆਂ ਵਿਰਾਸਤੀ ਖੇਡਾਂ ਕਰਵਾਈਆਂ ਗਈਆਂ ਜਿਨ੍ਹਾਂ ਵਿਚ ਰੱਸਾਕਸੀ, ਕੋਟਲਾ ਛਪਾਕੀ, ਪੀਚੋ, ਰੁਮਾਲ ਚੁੱਕਣਾ ਆਦਿ ਵਿਚ ਵਿਦਿਆਰਥਣਾਂ ਨੇ ਵੱਧ ਚੜ੍ਹ ਹਿੱਸਾ ਲਿਆ। ਇਸ ਮੌਕੇ ਕੇਸਰ ਸਿੰਘ (ਕੋਚ) ਵੀ ਹਾਜ਼ਰ ਸਨ। ਕਾਲਜ ਦੀ ਲੋਕਲ ਮੇਨੈਜਿੰਗ ਕਮੇਟੀ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।