ਵੈਟਰਨਰੀ ’ਵਰਸਿਟੀ ’ਚ ਕੌਮੀ ਸੇਵਾ ਯੋਜਨਾ ਕੈਂਪ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਵੱਲੋਂ ਇਕ ਹਫ਼ਤੇ ਦਾ ਕੌਮੀ ਸੇਵਾ ਯੋਜਨਾ ਕੈਂਪ ਲਾਇਆ ਗਿਆ। ਇਹ ਕੈਂਪ ‘ਬਿਹਤਰ ਵਾਤਾਵਰਨ ਲਈ ਸਾਫ ਅਤੇ ਹਰਿਆ ਭਰਿਆ ਕੈਂਪਸ’ ਉਦੇਸ਼ ਤਹਿਤ ਕਰਵਾਇਆ ਗਿਆ, ਜਿਸ ਤਹਿਤ ਪ੍ਰਸ਼ਾਸਕੀ ਬਲਾਕ ਅਤੇ ਸਾਇੰਟਿਸਟ ਹੋਮ ਦੀ ਸਫਾਈ ਕੀਤੀ ਗਈ। ਸਮਰਪਿਤ ਵਿਦਿਆਰਥੀਆਂ ਨੇ ਕਈ ਗਤੀਵਿਧੀਆਂ ਕੀਤੀਆਂ ਅਤੇ ਕਾਲਜ ਦੀ ਇਮਾਰਤ, ਕਲਾਸਾਂ ਅਤੇ ਅੰਦਰਲੇ ਬਾਹਰਲੇ ਖੇਤਰ ਨੂੰ ਸਾਫ ਸੁੱਥਰਾ ਕੀਤਾ।
ਐਨ ਐਸ ਐਸ ਪ੍ਰੋਗਰਾਮ ਸੰਯੋਜਕ ਡਾ. ਨਿਧੀ ਸ਼ਰਮਾ ਨੇ ਕਿਹਾ ਕਿ ਇਸ ਦੌਰਾਨ ਗਮਲਿਆਂ ਅਤੇ ਰੁੱਖਾਂ ਦੇ ਤਣਿਆਂ ਨੂੰ ਰੰਗ ਕਰਕੇ ਕੈਂਪਸ ਦੀ ਦਿੱਖ ਨੂੰ ਖ਼ੂਬਸੂਰਤ ਬਣਾਇਆ ਗਿਆ। ਪ੍ਰੋਗਰਾਮ ਅਫ਼ਸਰ ਡਾ. ਨਾਰੇਂਦਰ ਕੁਮਾਰ ਚਾਂਡਲਾ ਨੇ ਦੱਸਿਆ ਕਿ ਡੇਅਰੀ ਕਾਲਜ ਦੇ ਪ੍ਰਯੋਗਿਕ ਡੇਅਰੀ ਪਲਾਂਟ ਦੀਆਂ ਪ੍ਰਾਸੈਸਿੰਗ ਅਤੇ ਪੈਕਿੰਗ ਇਕਾਈਆਂ ਨੂੰ ਸਾਫ ਕਰਦਿਆਂ ਇਸ ਗੱਲ ਨੂੰ ਸੁਦ੍ਰਿੜ ਕੀਤਾ ਗਿਆ ਕਿ ਪਲਾਂਟ ਵਿੱਚ ਸਿਹਤਮੰਦ ਅਤੇ ਸਾਫ ਵਾਤਾਵਰਣ ਬਣਿਆ ਰਹੇ। ਕਾਲਜ ਵੱਲੋਂ ਦੋ ਮਾਹਿਰਾਂ ਦੇ ਭਾਸ਼ਣ ਵੀ ਕਰਵਾਏ ਗਏ। ਡਾ. ਅਸ਼ੋਕ ਕੁਮਾਰ ਨੇ ਫੂਡ ਪ੍ਰਾਸੈਸਿੰਗ ਅਤੇ ਇੰਜਨੀਅਰਿੰਗ ਦੇ ਖੇਤਰ ਦੇ ਉਤਮ ਅਭਿਆਸਾਂ ਬਾਰੇ ਚਰਚਾ ਕੀਤੀ। ਕਰਟਿਨ ਯੂਨੀਵਰਸਿਟੀ, ਆਸਟਰੇਲੀਆ ਦੇ ਸਹਾਇਕ ਪ੍ਰੋਫੈਸਰ ਡਾ. ਪਰਮੇਸ਼ ਕੁਮਾਰ ਨੇ ਭੋਜਨ ਪ੍ਰਾਸੈਸਿੰਗ ਤਕਨਾਲੋਜੀਆਂ ਸੰਬੰਧੀ ਅੰਤਰਰਾਸ਼ਟਰੀ ਦ੍ਰਿਸ਼ਟੀ ਅਤੇ ਉਭਰਦੀਆਂ ਪ੍ਰਵਿਰਤੀਆਂ ਬਾਰੇ ਆਪਣੇ ਵਿਚਾਰ ਰੱਖੇ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਸਰਵਪ੍ਰੀਤ ਸਿੰਘ ਘੁੰਮਣ ਨੇ ਕਿਹਾ ਕਿ ਕੌਮੀ ਸੇਵਾ ਯੋਜਨਾ ਟੀਮ ਨੇ ਕਾਲਜ ਨੂੰ ਇਕ ਸੁੰਦਰ ਅਤੇ ਤਾਜ਼ਗੀ ਵਾਲੀ ਦਿੱਖ ਪ੍ਰਦਾਨ ਕੀਤੀ ਹੈ। ਮਾਹਿਰਾਂ ਦੇ ਲੈਕਚਰਾਂ ਨਾਲ ਵਿਦਿਆਰਥੀਆਂ ਨੂੰ ਨਵੀਂ ਦ੍ਰਿਸ਼ਟੀ ਪ੍ਰਾਪਤ ਹੋਈ।