ਇਥੇ ਕੌਮੀ ਮਾਰਗ ਅਥਾਰਿਟੀ ਵੱਲੋਂ ਜਿੱਥੇ ਗਰੀਨ ਫੀਲਡ ਹਾਈਵੇਅ ਦੀ ਜੱਦ ’ਚ ਆਉਣ ਵਾਲੀ ਪਿੰਡ ਹਲਵਾਰਾ ਦੀ ਹੱਦ ਵਿੱਚ ਸਥਿਤ ਪੀਰ ਮਾਣਕ ਸ਼ਾਹ ਦੀ ਦਰਗਾਹ ਨੂੰ ਢਹੁਣ ਦੀ ਤਿਆਰੀ ਕੀਤੀ ਜਾ ਰਹੀ ਹੈ, ਉੱਥੇ ਪੀਰ ਦੀ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਬੂਟਾ ਸਿੰਘ ਅਤੇ ਪਿੰਡ ਹਲਵਾਰਾ ਵਾਸੀਆਂ ਨੇ ਇਸ ਧਾਰਮਿਕ ਸਥਾਨ ਨੂੰ ਬਚਾਉਣ ਲਈ ਕਮਰਕੱਸੇ ਕਰ ਲਏ ਹਨ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਕੇਂਦਰ ਤੇ ਸੂਬਾ ਸਰਕਾਰ ਦੇ ਕੁਝ ਫ਼ਿਰਕਾਪ੍ਰਸਤ ਅਧਿਕਾਰੀਆਂ ਨੇ ਜਾਣ ਬੁੱਝ ਕੇ ਇਸ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਇਲਾਕੇ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਬੂਟਾ ਤੇ ਬੀ ਕੇ ਯੂ (ਸਿੱਧੂਪੁਰ) ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਹਲਵਾਰਾ ਨੇ ਕਿਹਾ ਕਿ ਜੇ ਸਰਕਾਰ ਨੇ ਇਸ ਦਾ ਕੋਈ ਹੱਲ ਨਾ ਕੀਤਾ ਤਾਂ ਸੰਗਤ ਵੱਲੋਂ ਵੀ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਦਰਗਾਹ ਦੇ ਮੁਖੀ ਬਾਬਾ ਬੂਟਾ ਤੇ ਕਿਸਾਨ ਆਗੂ ਅਮਰੀਕ ਸਿੰਘ ਹਲਵਾਰਾ, ਸਰਪੰਚ ਸੁਖਵਿੰਦਰ ਸਿੰਘ ਹਲਵਾਰਾ, ਨੰਬਰਦਾਰ ਜਸਵਿੰਦਰ ਸਿੰਘ, ਸ਼ਿੰਗਾਰਾ ਸਿੰਘ, ਰਸ਼ਮਿੰਦਰ ਸਿੰਘ ਧਾਲੀਵਾਲ, ਝਲਮਣ ਸਿੰਘ ਢਿੱਲੋਂ, ਨੰਬਰਦਾਰ ਜਸਵੰਤ ਸਿੰਘ, ਕਿਰਪਾਲ ਸਿੰਘ ਹਲਵਾਰਾ, ਅਮਰਪਾਲ ਸਿੰਘ ਢਿੱਲੋਂ, ਜਸਵੀਰ ਸਿੰਘ ਹਲਵਾਰਾ ਅਤੇ ਦਰਸ਼ਨ ਸਿੰਘ ਬੁਰਜ ਲਿਟਾਂ ਨੇ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੂੰ ਇਕ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਲੋਕਾਂ ਨੇ ਐਲਾਨ ਕੀਤਾ ਕਿ ਜੇ ਇਸ ਮਸਲੇ ਦਾ ਕੋਈ ਢੁਕਵਾਂ ਹੱਲ ਨਾ ਕੀਤਾ ਗਿਆ ਤਾਂ ਇਲਾਕੇ ਦੀ ਸੰਗਤ ਵੱਲੋਂ ਲੁਧਿਆਣਾ-ਬਠਿੰਡਾ ਮਾਰਗ ’ਤੇ ਆਵਾਜਾਈ ਠੱਪ ਕਰ ਕੇ ਸੰਘਰਸ਼ ਤੇਜ਼ ਕੀਤਾ ਜਾਵੇਗਾ। ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਲੋਕਾਂ ਨੂੰ ਹਰ ਸੰਭਵ ਮਦਦ ਅਤੇ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ ਹੈ। ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਕਿ ਸ਼ੁਰੂਆਤੀ ਸਰਵੇਖਣ ਸਮੇਂ ਜਾਣਬੁੱਝ ਕੇ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

