ਤਿੰਨ ਮਹੀਨਿਆਂ ਤੋਂ ਤਨਖ਼ਾਹ ਉਡੀਕ ਰਹੇ ਨੇ ਨੈਸ਼ਨਲ ਹੈੱਲਥ ਮਿਸ਼ਨ ਮੁਲਾਜ਼ਮ
ਨੈਸ਼ਨਲ ਹੈੱਲਥ ਮਿਸ਼ਨ ਅਧੀਨ ਸਰਕਾਰੀ ਹਸਪਤਾਲਾਂ ’ਚ ਤੁੱਛ ਤਨਖਾਹਾਂ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਸਰਕਾਰਾਂ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਮੁਲਾਜ਼ਮਾਂ ਵੱਲੋਂ ਸਘੰਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਗਈ ਹੈ। ਨੈਸ਼ਨਲ ਹੈਲਥ ਮਿਸ਼ਨ ਐਂਪਲਾਈਜ਼ ਯੂਨੀਅਨ (ਇਕਾਈ) ਸਿੱਧਵਾਂ ਬੇਟ ਦੀ ਆਗੂ ਕੁਲਵਿੰਦਰ ਕੌਰ ਨੇ ਪੀੜ੍ਹਤ ਮੁਲਾਜ਼ਮਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਭਰ ਵਿੱਚ ਨੈਸ਼ਨਲ ਹੈਲਥ ਮਿਸ਼ਨ ਅਧੀਨ 10 ਹਜ਼ਾਰ ਦੇ ਕਰੀਬ ਮੁਲਾਜ਼ਮ ਘੱਟ ਨਿਗੂਣੀਆਂ ਤਨਖਾਹਾਂ ’ਤੇ ਸੇਵਾਵਾਂ ਦੇ ਰਹੇ ਹਨ। ਫਿਰ ਵੀ ਉਨ੍ਹਾਂ ਮੁਲਾਜ਼ਮਾਂ ਨੂੰ ਸਰਕਾਰ ਵੱਲੋਂ ਸਮੇਂ ਸਿਰ ਤਨਖਾਹ ਨਹੀਂ ਜਾਰੀ ਕੀਤੀ ਜਾਂਦੀ। ਉਨ੍ਹਾਂ ਆਖਿਆ ਕਿ ਮੁਲਾਜ਼ਮਾਂ ਨੂੰ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ, ਰੋਜ਼-ਮਰਾ ਦੀਆਂ ਲੋੜਾਂ ਅਤੇ ਚੁੱਲ੍ਹੇ ਤਪਾਉਣੇ ਮੁਸ਼ਕਲ ਹੋ ਗਏ ਹਨ। ਕੁਲਵਿੰਦਰ ਕੌਰ ਨੇ ਕਿਹਾ ਕਿ ਕਰੋਨਾਂ ਕਾਲ ਦੌਰਾਨ ਵੀ ਇਨ੍ਹਾਂ ਮੁਲਾਜ਼ਮਾਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਵਗੈਰ ਲੋਕਾਂ ਦੀ ਸੇਵਾ ਵਿੱਚ ਵੱਡਾ ਯੋਗਦਾਨ ਪਾਇਆ ਹੈ। ਹੁੱਣ ਲਗਾਤਾਰ ਪਿਛਲੇ ਤਿੰਨ ਮਹੀਨਿਆਂ ਤੋਂ ਮਿਲਦੀਆਂ ਨਿਗੂਣੀਆਂ ਤਨਖਾਹਾਂ ਵੀ ਬੰਦ ਹਨ। ਉਨ੍ਹਾਂ ਸਰਕਾਰ ਖਿਲਾਫ ਭੜਾਸ ਕੱਢਦਿਆਂ ਆਖਿਆ ਕਿ ਜੇਕਰ ਸਾਨੂੰ ਤਨਖਾਹਾਂ ਨਾ ਰੀਲੀਜ਼ ਕੀਤੀਆਂ ਗਈਆਂ ਤਾਂ ਅੱਕੇ ਅਤੇ ਭੁੱਖੇ ਮਰਦੇ ਮੁਲਾਜ਼ਮ ਸਘੰਰਸ਼ ਦੇ ਰਾਹ ਪੈਣ ਲਈ ਮਜ਼ਬੂਰ ਹੋਣਗੇ। ਜਿਸਦੀ ਸਾਰੀ ਜੁੰਮੇਵਾਰੀ ਆਮ ਆਦਮੀ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਹੋਵੇਗੀ।
ਉਨ੍ਹਾਂ ਸਰਕਾਰ ਤੇ ਵਰਦਿਆਂ ਆਖਿਆ ਕਿ ਜਦੋਂ ਤੋਂ ਭਗਵੰਤ ਮਾਨ ਦੀ ਸਰਕਾਰ ਨੇ ਸਤਾ ਸੰਭਾਲੀ ਹੈ। ਉਸ ਸਮੇਂ ਤੋਂ ਹੀ ਪੰਜਾਬ ਦੇ ਮੁਲਾਜ਼ਮਾਂ ਦਾ ਬੁਰਾ ਵਕਤ ਸ਼ੁਰੂ ਹੋਇਆ ਹੈ। ਸਰਕਾਰ ਨੇ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਵਾਧਾ ਤਾਂ ਕੀ ਕਰਨਾ ਸੀ। ਪਹਿਲਾਂ ਮਿਲਦੀਆਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਨੇ ਯੂਨੀਅਨ ਦੇ ਸੂਬਾ ਪੱਧਰੀ ਹੁੱਕਮ ਅਨੁਸਾਰ ਅੱਜ ਆਪਣੇ ਆਪਣੇ ਕੰਮ ਵਾਲੀਆਂ ਥਾਂਵਾ ਤੇ ਅਧਿਕਾਰੀਆਂ ਨੂੰ ਆਪਣੀਆਂ ਹੱਕੀ ਮੰਗਾਂ ਨਾਲ ਲੈਸ ਮੰਗ ਪੱਤਰ ਸੌਂਪੇ ਅਤੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਨਾਅਰੇਬਾਜ਼ੀ ਕੀਤੀ।