ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਗਰ ਸੁਧਾਰ ਸਭਾ ਵੱਲੋਂ ਸੰਘਰਸ਼ ਦਾ ਐਲਾਨ

ਸ਼ਹਿਰ ਦੇ ਰੁਕੇ ਵਿਕਾਸ ਕੰਮ ਸ਼ੁਰੂ ਕਰਾਉਣ ਕੇ ਕੂੜੇ ਦਾ ਪੱਕਾ ਹੱਲ ਕਰਨ ਦੀ ਮੰਗ
ਮੀਟਿੰਗ ਮਗਰੋਂ ਜਾਣਕਾਰੀ ਦਿੰਦੇ ਨਗਰ ਸੁਧਾਰ ਸਭਾ ਦੇ ਨੁਮਾਇੰਦੇ। -ਫੋਟੋ: ਸ਼ੇਤਰਾ
Advertisement

ਨਗਰ ਸੁਧਾਰ ਸਭਾ ਨੇ ਸਥਾਨਕ ਨਗਰ ਕੌਂਸਲ ਦਫ਼ਤਰ ਮੂਹਰੇ ਪਿਛਲੇ ਦਿਨੀਂ ਦਿੱਤੇ ਧਰਨੇ ਤੋਂ ਬਾਅਦ ਅੱਜ ਸ਼ਹਿਰ ਦੇ ਵਿਕਾਸ ਲਈ ਸੰਘਰਸ਼ ਤਿੱਖਾ ਕਰਨ ਦਾ ਐਲਾਨ ਕੀਤਾ ਹੈ। ਸਭਾ ਦੇ ਪ੍ਰਧਾਨ ਅਵਤਾਰ ਸਿੰਘ ਤੇ ਸਕੱਤਰ ਕੰਵਲਜੀਤ ਖੰਨਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਸ਼ਹਿਰ ਵਾਸੀਆਂ ਦੇ ਇਸ ਮੁੱਦੇ ’ਤੇ ਮੂਹਰੇ ਆਉਣ ’ਤੇ ਤਸੱਲੀ ਪ੍ਰਗਟਾਈ ਗਈ। ਨਾਲ ਹੀ ਹਰੇਕ ਸ਼ਹਿਰੀ ਨੂੰ ਆਪਣਾ ਫਰਜ਼ ਸਮਝ ਕੇ ਅਗਲੇ ਸੰਘਰਸ਼ ਵਿੱਚ ਹੋਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਧਰਨੇ ਦਾ ਅਸਰ ਦਿਖਾਈ ਦੇਣ ਲੱਗਿਆ ਹੈ। ਪ੍ਰਸ਼ਾਸਨ ਨੇ ਰਾਏਕੋਟ ਰੋਡ ਤੋਂ ਨਵੀਂਆਂ ਲੱਗੀਆਂ ਜਿਹੜੀਆਂ ਇੰਟਰਲੌਕ ਟਾਈਲਾਂ ਪੁੱਟੀਆਂ ਸਨ, ਉਹ ਮੁੜ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਮੰਡੀਕਰਨ ਬੋਰਡ ਨੂੰ ਕੱਚਾ ਮਲਕ ਰੋਡ ਦੀ ਮੁੜ ਉਸਾਰੀ ਦੀ ਮਨਜ਼ੂਰੀ ਮਿਲ ਗਈ ਹੈ। ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕੂੜੇ ਦੇ ਨਿਪਟਾਰੇ ਦੇ ਗੰਭੀਰ ਮਸਲੇ ’ਤੇ ਸਰਗਰਮੀ ਫੜੀ ਹੈ। ਹਾਲਾਂ ਕਿ ਕੋਈ ਪੱਕਾ ਹੱਲ ਹਾਲੇ ਨਹੀਂ ਨਿੱਕਲਿਆ। ਕਮਲ ਚੌਕ ਵਿੱਚੋਂ ਪਾਣੀ ਦੇ ਨਿਕਾਸ ਲਈ ਵਿਧਾਇਕਾ ਮਾਣੂੰਕੇ ਦੇ ਦੱਸਣ ਮੁਤਾਬਿਕ 10 ਕਰੋੜ ਦੇ ਪ੍ਰਾਜੈਕਟ ਦੀ ਮਨਜ਼ੂਰੀ ਮਿਲ ਚੁੱਕੀ ਹੈ। ਸਥਾਨਕ ਸ਼ਹੀਦ ਨੱਛਤਰ ਸਿੰਘ ਯਾਦਗਾਰ ਹਾਲ ਵਿਖੇ ਹੋਈ ਮੀਟਿੰਗ ਵਿੱਚ ਸ਼ਾਮਲ ਸਾਰੇ ਕਾਰਜਕਾਰਨੀ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਸਭਾ ਵਲੋਂ ਬੀਤੇ ਦਿਨੀਂ ਨਗਰ ਕੌਂਸਲ ਸਾਹਮਣੇ ਦਿੱਤੇ ਰੋਸ ਧਰਨੇ ਤੋਂ ਬਾਅਦ ਪ੍ਰਸ਼ਾਸਨ ਵਿੱਚ ਕੁਝ ਹਲਚਲ ਹੋਈ ਹੈ। ਕੰਵਲਜੀਤ ਖੰਨਾ ਨੇ ਦੱਸਿਆ ਕਿ ਸ਼ਹਿਰ ਦੇ ਰੁਕੇ ਵਿਕਾਸ ਕਾਰਜ ਚਾਲੂ ਕਰਾਉਣ, ਸ਼ਹਿਰ ਵਿੱਚੋਂ ਕੂੜੇ ਦੇ ਨਿਪਟਾਰੇ ਦਾ ਪੱਕਾ ਹੱਲ ਕਰਾਉਣ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਸਬੰਧੀ ਮਾਮਲੇ ਦੀ ਪੈਰਵਾਈ ਕਰਨ ਲਈ 23 ਜੁਲਾਈ ਦਸ ਵਜੇ ਉਪ ਮੰਡਲ ਮੈਜਿਸਟਰੇਟ ਅਤੇ ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲਿਆ ਜਾਵੇਗਾ। ਪ੍ਰਸਾਸ਼ਨ ’ਤੇ ਦਬਾਅ ਵਧਾਉਣ ਲਈ ਸੰਘਰਸ਼ ਦਾ ਘੇਰਾ ਹੋਰ ਵਿਸ਼ਾਲ ਕਰਨ ਲਈ 31 ਜੁਲਾਈ ਦੀ ਸ਼ਾਮ ਛੇ ਵਜੇ ਕਮੇਟੀ ਪਾਰਕ ਵਿੱਚ ਸ਼ਹਿਰ ਦੀਆਂ ਸਮੂਹ ਜਨਤਕ ਜਥੇਬੰਦੀਆਂ, ਸਮਾਜ ਸੇਵੀ ਕੱਲਬਾਂ, ਧਾਰਮਿਕ ਜਥੇਬੰਦੀਆ ਦੀ ਮੀਟਿੰਗ ਕਰਕੇ ਅਗਲਾ ਸਖ਼ਤ ਐਕਸ਼ਨ ਉਲੀਕਿਆ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਮਾਸਟਰ ਗੁਰਮੇਲ ਸਿੰਘ ਰੂਮੀ, ਕਾਮਰੇਡ ਮੁਖਤਿਆਰ ਸਿੰਘ, ਮਾਸਟਰ ਹਰਭਜਨ ਸਿੰਘ, ਗੁਰਪ੍ਰੀਤ ਸਿੰਘ, ਜਸਵੰਤ ਸਿੰਘ ਕਲੇਰ, ਜਗਦੀਸ਼ ਸਿੰਘ ਕਾਉਂਕੇ ਹਾਜ਼ਰ ਸਨ।

Advertisement

Advertisement