ਦੇਵਿੰਦਰ ਜੱਗੀ
ਪਾਇਲ, 2 ਜੂਨ
ਇੱਥੇ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਸਜਾਉਣ ਤੋਂ ਪਹਿਲਾਂ ਅਖੰਡ ਪਾਠ ਦੇ ਭੋਗ ਪਾਏ ਗਏ। ਨਗਰ ਕੀਰਤਨ ਸਮੇਂ ਗੁਰੂ ਗ੍ਰੰਥ ਸਾਹਿਬ ਨੂੰ ਫੁੱਲਾਂ ਨਾਲ ਸ਼ਿੰਗਾਰੀ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਕੀਤਾ ਹੋਇਆ ਸੀ। ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸੰਗਤਸਰ ਸਾਹਿਬ ਤੋਂ ਆਰੰਭ ਹੋ ਕੇ ਸ਼ਹਿਰ ਦੀਆਂ ਗਲੀਆਂ ’ਚੋਂ ਹੁੰਦਾ ਹੋਇਆ ਬੱਸ ਸਟੈਂਡ, ਰਾਈਮਾਜਰਾ ਤੋਂ ਮੁੜ ਗੁਰੂ ਘਰ ਸਮਾਪਤ ਹੋਇਆ। ਨਗਰ ਕੀਰਤਨ ਦੇ ਸਵਾਗਤ ਸਮੇਂ ਥਾਂ-ਥਾਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਸੰਗਤ ਨੂੰ ਲੰਗਰ ਵਰਤਾਏ ਗਏ। ਵੱਖ-ਵੱਖ ਪੜਾਵਾਂ ’ਤੇ ਰਾਗੀ ਸਿੰਘ ਭਾਈ ਗੁਰਮੇਲ ਸਿੰਘ ਬਿਜਲੀਪੁਰ ਦੇ ਜਥੇ ਨੇ ਸੰਗਤ ਨੂੰ ਬਾਣੀ ਸੁਣਾ ਕੇ ਨਿਹਾਲ ਕੀਤਾ। ਦਸਮੇਸ਼ ਗੱਤਕਾ ਅਕੈਡਮੀ ਦੇ ਸਿੰਘਾਂ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਗਏ। ਇਸ ਵਿਸ਼ਾਲ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਇੰਜਨੀਅਰ ਜਗਦੇਵ ਸਿੰਘ ਬੋਪਾਰਾਏ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ ਗਏ। ਇਸ ਨਗਰ ਕੀਰਤਨ ਸਮੇਂ ਪ੍ਰਧਾਨ ਅਮਰੀਕ ਸਿੰਘ, ਸੀਤਲ ਸਿੰਘ, ਸੁਰਿੰਦਰ ਸਿੰਘ ਢਿੱਲੋ, ਨਿਰਮਲ ਸਿੰਘ ਨਿੰਮਾ, ਰਾਜਿੰਦਰ ਸਿੰਘ ਟੀਟਾ, ਸਾਬਕਾ ਪ੍ਰਧਾਨ ਮਨਦੀਪ ਸਿੰਘ ਚੀਮਾ, ਗੁਰਜੰਟ ਸਿੰਘ, ਸਤਿਨਾਮ ਸਿੰਘ, ਜਸਵੀਰ ਸਿੰਘ ਸੋਨੀ, ਗਿਆਨੀ ਹਰਦੀਪ ਸਿੰਘ, ਬੂਟਾ ਸਿੰਘ, ਕਰਨੈਲ ਸਿੰਘ, ਬਾਬਾ ਸੁਖਦੇਵ ਸਿੰਘ, ਹਰਵਿੰਦਰ ਸਿੰਘ ਘੜੂੰਆ, ਸੰਦੀਪ ਸਿੰਘ ਵੱਲੋਂ ਅਣਥੱਕ ਸੇਵਾਵਾਂ ਨਿਭਾਈਆਂ ਗਈਆਂ।