ਗੁਰੂ ਰਵਿਦਾਸ ਦੇ ਆਗਮਨ ਪੁਰਬ ਮੌਕੇ ਨਗਰ ਕੀਰਤਨ ਸਜਾਏ
ਲੁਧਿਆਣਾ, 11 ਫਰਵਰੀ
ਗੁਰੂ ਰਵਿਦਾਸ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਰਵੀਦਾਸ ਬਸਤੀ ਜੋਧੇਵਾਲ ਤੋਂ ਨਗਰ ਕੀਰਤਨ ਸਜਾਇਆ ਗਿਆ, ਜਿਸ ਦਾ ਸੰਗਤ ਨੇ ਥਾਂ ਥਾਂ ਲੰਗਰ ਲਾ ਕੇ ਸਵਾਗਤ ਕੀਤਾ। ਨਗਰ ਕੀਰਤਨ ਵੱਖ ਵੱਖ ਥਾਵਾਂ ਤੋਂ ਹੁੰਦਾ ਹੋਇਆ ਸ਼ਾਮ ਵੇਲੇ ਮੁੜ ਗੁਰਦੁਆਰਾ ਰਵਿਦਾਸ ਪਹੁੰਚ ਕੇ ਸੰਪੂਰਨ ਹੋਇਆ। ਨਗਰ ਕੀਰਤਨ ਵਿੱਚ ਬੈਂਡ ਪਾਰਟੀਆਂ, ਗਤਕਾ ਪਾਰਟੀਆਂ ਅਤੇ ਝਾਕੀਆਂ ਪੇਸ਼ ਕੀਤੀਆਂ ਗਈਆਂ ਜਦਕਿ ਵੱਖ ਵੱਖ ਇਲਾਕਿਆਂ ਤੋਂ ਪੁੱਜੀ ਸੰਗਤ ਟਰੈਕਟਰ ਟਰਾਲੀਆਂ ਵਿੱਚ ਸਵਾਰ ਰਵੀਦਾਸ ਬਾਣੀ ਦਾ ਗਾਇਣ ਕਰ ਰਹੀ ਸੀ।
ਨਗਰ ਕੀਰਤਨ ਦੇ ਸਾਰੇ ਰਸਤੇ ਨੂੰ ਸਵਾਗਤੀ ਗੇਟ ਅਤੇ ਫੁੱਲਾਂ ਨਾਲ ਸਜਾਇਆ ਗਿਆ ਸੀ ਜਦਕਿ ਵੱਖ ਵੱਖ ਥਾਵਾਂ ਤੇ ਸੰਗਤ ਲਈ ਲੰਗਰ ਲਗਾਏ ਗਏ ਸਨ। ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਫੁੱਲਾਂ ਨਾਲ ਸਜੀ ਪਾਲਕੀ ਵਿੱਚ ਸ਼ੁਸ਼ੋਭਿਤ ਸੀ। ਪ੍ਰਧਾਨ ਜਿੰਦਰਪਾਲ ਦੜੌਚ ਅਤੇ ਰਮਨਜੀਤ ਲਾਲੀ ਵੱਲੋਂ ਪਤਵੰਤੇ ਸੱਜਣਾਂ ਦਾ ਸਨਮਾਨ ਕੀਤਾ ਗਿਆ।
ਨਗਰ ਕੀਰਤਨ ਦਾ ਸੁਭਾਨੀ ਬਿਲਡਿੰਗ ਵਿੱਚ ਮੁਹੱਲਾ ਫਤਿਹਗੰਜ, ਗੁਰੂ ਰਵਿਦਾਸ ਸਭਾ ਸਮਾਧ ਮਾਈ ਚੰਦੋ ਅਤੇ ਅੰਬੇਡਕਰ ਨਵਯੁਵਕ ਦਲ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਸੰਗਤ ਵਾਸਤੇ ਅਤੁੱਟ ਲੰਗਰ ਵੀ ਲਗਾਏ ਗਏ। ਇਸ ਮੌਕੇ ਗੁਰੂ ਰਵਿਦਾਸ ਸਭਾ ਸਮਾਧ ਮਾਈ ਚੰਦੋ ਅਤੇ ਅੰਬੇਡਕਰ ਨਵਯੁਵਕ ਦਲ ਦੇ ਸਰਪ੍ਰਸਤ ਰਾਜੀਵ ਕੁਮਾਰ ਲਵਲੀ ਨੇ ਸੰਗਤ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਮਨੁੱਖਤਾ ਨੂੰ ਚੰਗੇ ਕਰਮ ਕਰਨ ਅਤੇ ਲੋੜਵੰਦਾ ਦੀ ਭਲਾਈ ਕਰਨ ਦਾ ਸੰਦੇਸ਼ ਦਿੱਤਾ ਹੈ ਜਿਸਨੂੰ ਜੀਵਨ ਵਿੱਚ ਅਪਣਾਕੇ ਹੀ ਸਮਾਜ ਦਾ ਕਲਿਆਣ ਸੰਭਵ ਹੈ। ਉਨ੍ਹਾਂ ਪ੍ਰਬੰਧਕਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਐਡਵੋਕੇਟ ਇੰਦਰਜੀਤ ਸਿੰਘ, ਬੰਸੀ ਲਾਲ ਪ੍ਰੇਮੀ, ਪ੍ਰਧਾਨ ਕਰਨੈਲ ਸਿੰਘ, ਵਰਿੰਦਰ ਕਸ਼ਿਅਪ, ਹੌਸਲਾ ਚੰਚਲ ਸਿੰਘ, ਸੋਢੀ ਰਾਮ, ਰਮੇਸ਼ ਕੁਮਾਰ, ਲੱਕੀ, ਕੁਲਵਿੰਦਰ ਗੋਲਡੀ, ਰਜਿੰਦਰ ਕੌਰ, ਸੋਨੀਆ ਕੁਮਾਰੀ, ਰਾਜੇਸ਼ ਲਾਲ ਤੇ ਹੋਰ ਹਾਜ਼ਰ ਸਨ।