ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਯੂਨਾਈਟਡ ਸਿੱਖਜ਼ ਵੱਲੋਂ ਆਰੰਭੀ ਗਈ ਰਾਹਤ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਅੱਜ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸੰਭਲ ਤੋਂ ਮੁਸਲਿਮ ਭਾਇਚਾਰੇ ਦੇ ਇੱਕ ਵਫ਼ਦ ਨੇ ਰਾਹਤ ਸਮੱਗਰੀ ਦਾ ਇੱਕ ਟਰੱਕ ਸੌਂਪਿਆ।
ਯੂਨਾਈਟਿਡ ਸਿੱਖਜ਼ ਦੇ ਡਾਇਰੈਕਟਰ ਪੰਜਾਬ ਅੰਮ੍ਰਿਤਪਾਲ ਸਿੰਘ ਦੀ ਦੇਖ ਰੇਖ ਹੇਠ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਗ੍ਰਾਮ ਵਿੱਚ ਹੋਈ ਮੀਟਿੰਗ ਦੌਰਾਨ ਹਕੀਮ ਮਹੁੰਮਦ ਸੁਭਾਨ, ਮੌਲਾਨਾ ਮਹੁੰਮਦ ਰਿਹਾਨ ਫਲਾਹੀ ਤੇ ਡਾ. ਇਫ਼ਤਖ਼ਾਰ ਦੀ ਅਗਵਾਈ ਹੇਠ ਮੁਸਲਿਮ ਪਰਿਵਾਰਾਂ ਨੇ ਜ਼ਰੂਰੀ ਵਸਤਾਂ ਨਾਲ ਭਰਿਆ ਇੱਕ ਟਰੱਕ ਅਤੇ ਇੱਕ ਲੱਖ ਰੁਪਏ ਨਕਦ ਰਾਸ਼ੀ ਰਾਹਤ ਸੇਵਾ ਕਾਰਜਾਂ ਲਈ ਯੂਨਾਈਟਿਡ ਸਿੱਖਜ਼ ਨੂੰ ਭੇਟ ਕੀਤੀ।
ਇਸ ਮੌਕੇ ਅੰਮ੍ਰਿਤਪਾਲ ਸਿੰਘ ਕਿਹਾ ਕਿ ਇਹ ਆਪਣੇ ਆਪ ਵਿੱਚ ਆਪਸੀ ਭਾਈਚਾਰਕ ਸਾਂਝ ਦੀ ਵੱਡੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਤੇ ਆਪਣੀ ਉਸਾਰੂ ਸੋਚ ਨੂੰ ਮਨੁੱਖੀ ਭਲਾਈ ਕਾਰਜਾਂ ਵਿੱਚ ਲਗਾਉਣ ਵਾਲੇ ਵਿਅਕਤੀ ਅਤੇ ਸੰਸਥਾਵਾਂ ਸਮੁੱਚੇ ਸਮਾਜ ਲਈ ਪ੍ਰੇਰਣਾ ਸਰੋਤ ਹੁੰਦੀਆਂ ਹਨ। ਇਸ ਮੌਕੇ ਸੰਭਲ ਸ਼ਹਿਰ ਦੇ ਪ੍ਰਮੁੱਖ ਮੁਸਲਿਮ ਆਗੂ ਹਕੀਮ ਮਹੁੰਮਦ ਸੁਭਾਨ ਨੇ ਕਿਹਾ ਕਿ ਉਹ ਹੜ੍ਹਾਂ ਨਾਲ ਹੋਈ ਤਬਾਹੀ ਦਾ ਦਰਦ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਖ਼ਾਸ ਕਰਕ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸੰਭਲ ਵਿੱਚ ਵੱਸਣ ਵਾਲਾ ਮੁਸਲਿਮ ਭਾਇਚਾਰਾ ਇਸ ਸੰਕਟਮਈ ਘੜੀ ਵਿੱਚ ਪੰਜਾਬ ਦੇ ਭਰਾਵਾਂ ਨਾਲ ਪੂਰੀ ਤਰ੍ਹਾਂ ਨਾਲ ਖੜ੍ਹਾ ਹੈ ਅਤੇ ਹਰ ਸੰਭਵ ਮਦਦ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ।
ਉਨ੍ਹਾਂ ਦੱਸਿਆ ਕਿ ਸੰਭਲ ਸ਼ਹਿਰ ਦੇ ਮੁਸਲਿਮ ਭਰਾਵਾਂ ਵੱਲੋਂ ਗੁਰਬਚਨ ਸਿੰਘ ਗੰਭੀਰ ਤੇ ਉਨ੍ਹਾਂ ਦੇ ਸਹਿਯੋਗੀ ਸੱਜਣਾਂ ਦੇ ਮਾਰਗ ਦਰਸ਼ਨ ਸਦਕਾ ਅੱਜ ਰਾਹਤ ਸਮੱਗਰੀ ਦਾ ਟਰੱਕ ਪੰਜਾਬ ਦੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਕੀਤਾ ਹੈ। ਉਨ੍ਹਾਂ ਯੂਨਾਈਟਿਡ ਸਿੱਖਜ਼ ਵੱਲੋਂ ਇਨਸਾਨੀਅਤ ਦੇ ਭਲੇ ਲਈ ਕੀਤੇ ਜਾ ਰਹੇ ਵੱਡੇ ਰਾਹਤ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾਇਰੈਕਟਰ ਅੰਮ੍ਰਿਤਪਾਲ ਸਿੰਘ, ਗੁਰਬਚਨ ਸਿੰਘ ਗੰਭੀਰ, ਬਲਬੀਰ ਸਿੰਘ ਛਤਵਾਲ, ਅਮਰਜੋਤ ਸਿੰਘ ਬਿੰਦਰਾ, ਭੁਪਿੰਦਰ ਸਿੰਘ ਮਕੱੜ ਅਤੇ ਜਸਬੀਰ ਸਿੰਘ ਮਕੱੜ ਵੱਲੋਂ ਜਨਾਬ ਹਕੀਮ ਮਹੁੰਮਦ ਸੁਭਾਨ, ਮੌਲਾਨਾ ਮਹੁੰਮਦ ਰਿਹਾਨ ਫਲਾਹੀ, ਡਾ.ਇਫਤਖਾਰ, ਮਹੁੰਮਦ ਉਵੈਸ਼, ਅਹਿਮਦ ਨਕਵੀ, ਡਾ ਸਿਰਤਾਜ ਤੇ ਉਨ੍ਹਾਂ ਦੇ ਸਾਥੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਵੀ ਕੀਤਾ।