ਪੰਜ ਮਹੀਨੇ ਬਾਅਦ ਅਦਾਲਤੀ ਹੁਕਮਾਂ ’ਤੇ ਕਤਲ ਦਾ ਕੇਸ ਦਰਜ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 25 ਜਨਵਰੀ
ਕਰੀਬ ਪੰਜ ਮਹੀਨੇ ਪਹਿਲਾਂ ਠਾਠ ਨਾਨਕਸਰ ਵਿਖੇ ਬਰਸੀ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਆਏ ਜੋੜੇ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਦਿੱਤੀ ਫਰੂਟੀ ਪੀਣ ਉਪਰੰਤ ਪਤੀ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦੀ ਲੁੱਟ-ਖਸੁੱਟ ਕੀਤੀ ਗਈ ਸੀ। ਇਸ ਸਬੰਧੀ ਕੇਸ ਦਰਜ ਕਰਵਾਉਣ ਲਈ ਪੀੜਤ ਔਰਤ ਨੂੰ ਅਦਾਲਤ ਦਾ ਬੂਹਾ ਖੜਾਉਣਾ ਪਿਆ। ਜਾਣਕਾਰੀ ਅਨੁਸਾਰ ਗੁਰਸ਼ਰਨਜੀਤ ਸਿੰਘ ਅਤੇ ਉਸਦੀ ਪਤਨੀ ਕੰਵਲਜੀਤ ਕੌਰ ਰਚਨਾ ਬ੍ਰਿੰਦਾਵਨ ਰਿੰਗ ਰੋਡ ਚੌਕ ਮਾਣਕਪੁਰ (ਨਾਗਪੁਰ) ਦੇ ਰਹਿਣ ਵਾਲੇ ਸਨ ਅਤੇ ਉਹ ਨਾਨਕਸਰ ਵਿਖੇ ਬਰਸੀ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਆਏ ਸਨ। ਇੱਥੇ ਉਨ੍ਹਾਂ ਨੂੰ ਅਣਪਛਾਤੇ ਵਿਅਕਤੀਆਂ ਨੇ ਫਰੂਟੀ ਪ੍ਰਸ਼ਾਦ ਵਜੋਂ ਦਿੱਤੀ। ਇਨ੍ਹਾਂ ਦੋਵਾਂ ਨੇ ਫਰੂਟੀ ਪੀਤੀ ਪਰ ਕੰਵਲਜੀਤ ਕੌਰ ਨੇ ਪੂਰੀ ਫਰੂਟੀ ਨਾ ਪੀਤੀ। ਇਸ ਤੋਂ ਬਾਅਦ ਦੋਵੇਂ ਬੇਹੋਸ਼ ਹੋ ਗਏ ਤੇ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਪਹਿਨੇ ਹੋਏ ਗਹਿਣੇ 20 ਗ੍ਰਾਮ ਦੇ ਕੰਗਨ, 30 ਗ੍ਰਾਮ ਦਾ ਕੜਾ, 10 ਗ੍ਰਾਮ ਦੀ ਅੰਗੂਠੀ ਅਤੇ ਪੈਸੇ ਲੁੱਟ ਲਏ। ਇਸ ਤੋਂ ਬਾਅਦ ਦੋਵਾਂ ਨੂੰ ਕਿਸੇ ਨੇ ਸਥਾਨਕ ਸਿਵਲ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਜਿੱਥੇ ਇਲਾਜ ਦੌਰਾਨ ਕੰਵਲਜੀਤ ਕੌਰ ਤਾਂ ਠੀਕ ਹੋ ਗਈ ਪਰ ਗੁਰਸ਼ਰਨਜੀਤ ਸਿੰਘ ਦੀ ਮੌਤ ਹੌ ਗਈ। ਉਸ ਸਮੇਂ ਪੁਲੀਸ ਨੇ ਧਾਰਾ 194 ਬੀਐਨਐਸ ਤਹਿਤ ਮਾਮਲਾ ਦਰਜ ਕਰ ਲਿਆ ਪਰ ਪੀੜਤ ਕੰਵਲਜੀਤ ਕੌਰ ਨੇ ਹਾਈਕੋਰਟ ਵਿੱਚ ਆਨਲਾਈਨ ਪਟੀਸ਼ਨ ਦਾਇਰ ਕਰਕੇ ਇਨਸਾਫ ਲਈ ਅਪੀਲ ਕੀਤੀ ਅਤੇ ਉਸ ਨੇ ਆਪਣੇ ਆਰਥਿਕ ਨੁਕਸਾਨ ਬਾਰੇ ਦੱਸਿਆ।