ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਜੂਨ
ਹਰਿਆਲੀ ਨੂੰ ਵੱਡਾ ਹੁਲਾਰਾ ਦੇਣ ਅਤੇ ਸਾਫ਼ ਵਾਤਾਵਰਨ ਯਕੀਨੀ ਬਣਾਉਣ ਲਈ ਨਗਰ ਨਿਗਮ ਸ਼ਹਿਰ ਭਰ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਚਲਾਏਗਾ ਤੇ ਇਸ ਮੌਨਸੂਨ ਸੀਜ਼ਨ ਦੌਰਾਨ ਇੱਕ ਲੱਖ ਬੂਟੇ ਲਗਾਏ ਜਾਣਗੇ। ਇਸ ਸਬੰਧ ਵਿੱਚ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਬਾਗਬਾਨੀ ਤੇ ਬੀਐਂਡਆਰ ਸ਼ਾਖਾ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਸ਼ਹਿਰ ਭਰ ਵਿੱਚ ਬੂਟੇ ਲਗਾਉਣ ਦਾ ਕੰਮ ਸੌਂਪਿਆ। ਉਨ੍ਹਾਂ ਅੱਜ ਅਧਿਕਾਰੀਆਂ ਨੂੰ ਬੂਟੇ ਲਗਾਉਣ ਲਈ ਥਾਵਾਂ ਨਿਰਧਾਰਿਤ ਕਰਨ ਦੇ ਨਿਰਦੇਸ਼ ਦਿੱਤੇ।
ਬੂਟਿਆਂ ਦਾ ਬਚਾਅ ਯਕੀਨੀ ਬਣਾਉਣ ਲਈ, ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਮੁਹਿੰਮ ਅਧੀਨ ਲਗਾਏ ਜਾਣ ਵਾਲੇ ਬੂਟਿਆਂ ਦੀ ਜੀਓ-ਟੇਗਿੰਗ ਦੇ ਹੁਕਮ ਦਿੱਤੇ ਹਨ ਤੇ ਜਿੱਥੇ ਵੀ ਲੋੜ ਹੋਵੇ, ਬੂਟਿਆਂ ਦੇ ਆਲੇ-ਦੁਆਲੇ ਟ੍ਰੀ ਗਾਰਡ ਲਗਾਏ ਜਾਣਗੇ। ਡੇਚਲਵਾਲ ਨੇ ਕਿਹਾ ਕਿ ਗੈਰ-ਸਰਕਾਰੀ ਸੰਸਥਾਵਾਂ, ਪਾਰਕ ਪ੍ਰਬੰਧਨ ਕਮੇਟੀਆਂ (ਪੀ.ਐਮ.ਸੀ), ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ (ਆਰਡਬਲਯੂਏ) ਆਦਿ ਨੂੰ ਵੀ ਇਸ ਮੁਹਿੰਮ ਅਧੀਨ ਸ਼ਾਮਲ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਡੇਚਲਵਾਲ ਨੇ ਲੋਕਾਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ ਆਪਣੇ ਆਲੇ-ਦੁਆਲੇ ਬੂਟੇ ਲਗਾਉਣ ਦੀ ਅਪੀਲ ਕੀਤੀ। ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਨੂੰ ਬਚਾਉਣ ਲਈ ਨਿਵਾਸੀਆਂ ਨੂੰ ਆਪਣਾ ਬਣਦਾ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ, ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਪੌਦਿਆਂ ਦੇ ਬਚਾਅ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਲੈਣੀ ਚਾਹੀਦੀ ਹੈ।
ਇਹ ਮੀਟਿੰਗ ਸਰਾਭਾ ਨਗਰ ਸਥਿਤ ਨਗਰ ਨਿਗਮ ਜ਼ੋਨ ਡੀ ਦਫ਼ਤਰ ਵਿਖੇ ਹੋਈ ਅਤੇ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅੰਕੁਰ ਮਹਿੰਦਰੂ, ਨਿਗਰਾਨ ਇੰਜੀਨੀਅਰ ਸ਼ਾਮ ਲਾਲ ਗੁਪਤਾ, ਨਿਗਰਾਨ ਇੰਜੀਨੀਅਰ ਰਾਹੁਲ ਗਗਨੇਜਾ, ਨਿਗਰਾਨ ਇੰਜੀਨੀਅਰ ਰਣਜੀਤ ਸਿੰਘ, ਨਿਗਰਾਨ ਇੰਜੀਨੀਅਰ ਪ੍ਰਵੀਨ ਸਿੰਗਲਾ, ਜੇ.ਈ ਕਿਰਪਾਲ ਸਿੰਘ ਸਮੇਤ ਹੋਰ ਅਧਿਕਾਰੀ ਮੀਟਿੰਗ ਵਿੱਚ ਮੌਜੂਦ ਸਨ।