ਨਗਰ ਨਿਗਮ ਨੇ ਬੰਟੀ ਢਾਬੇ ਦੀ ਇਮਾਰਤ ਢਾਹੀ
ਸੂਫੀਆ ਚੌਕ ਵਿੱਚ ਮਸ਼ਹੂਰ ਬੰਟੀ ਢਾਬੇ ਦੀ ਨਾਜਾਇਜ਼ ਬਣੀ ਇਮਾਰਤ ਅੱਜ ਨਗਰ ਨਿਗਮ ਦੀ ਟੀਮ ਨੇ ਢਾਹ ਦਿੱਤੀ। ਇਸ ਦੌਰਾਨ ਢਾਬਾ ਮਾਲਕ ਤੇ ਨਗਰ ਨਿਗਮ ਮੁਲਾਜ਼ਮਾਂ ਵਿੱਚ ਕਾਫ਼ੀ ਬਹਿਸ ਵੀ ਹੋਈ। ਪਰ ਪੁਲੀਸ ਫੋਰਸ ਨਾਲ ਹੋਣ ਕਾਰਨ ਨਗਰ ਨਿਗਮ ਦੀ ਟੀਮ ਨੇ ਜੇਸੀਬੀ ਮਸ਼ੀਨ ਦਾ ਉਹ ਹਿੱਸਾ ਢਾਹ ਦਿੱਤਾ ਜੋ ਗ਼ੈਰਕਾਨੂੰਨੀ ਢੰਗ ਨਾਲ ਉਸਾਰਿਆ ਗਿਆ ਸੀ। ਇਸ ਦੌਰਾਨ ਨਗਰ ਨਿਗਮ ਦੀ ਟੀਮ ਨੂੰ ਪਰਿਵਾਰ ਦਾ ਤਿੱਖਾ ਵਿਰੋਧ ਵੀ ਝੱਲਣਾ ਪਿਆ। ਢਾਬਾ ਮਾਲਕਾਂ ਦਾ ਦੋਸ਼ ਹੈ ਕਿ ਉਨ੍ਹਾਂ ਛੇ ਲੱਖ ਰੁਪਏ ਫੀਸ ਭਰ ਕੇ ਨਗਰ ਨਿਗਮ ਤੋਂ ਪਾਸ ਹੋਣ ਮਗਰੋਂ ਹੀ ਇਹ ਉਸਾਰੀ ਕਰਵਾਈ ਸੀ।
ਬੰਟੀ ਢਾਬੇ ’ਤੇ ਕਾਰਵਾਈ ਦੀ ਜਾਣਕਾਰੀ ਮਿਲਣ ਤੋਂ ਬਾਅਦ ਇਲਾਕਾ ਕੌਂਸਲਰ ਦੇ ਪਤੀ ਸਿਮਰਨਜੀਤ ਸਿੰਘ ਸਿੰਮੂ ਵੀ ਉੱਥੇ ਪਹੁੰਚ ਗਏ। ਜਦੋਂ ਉਨ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਕਾਰਵਾਈ ਕਰਨ ਦੀ ਗੱਲ ਆਖੀ। ਨਗਰ ਨਿਗਮ ਦੀ ਟੀਮ ਕਾਰਵਾਈ ਦੇ ਲਈ ਭਾਰੀ ਪੁਲੀਸ ਫੋਰਸ ਨਾਲ ਉੱਥੇ ਪਹੁੰਚੀ। ਭਾਰੀ ਪੁਲੀਸ ਫੋਰਸ ਦੀ ਮੌਜੂਦਗੀ ਵਿੱਚ ਨਿਗਮ ਦੇ ਅਧਿਕਾਰੀਆਂ ਨੇ ਕਾਰਵਾਈ ਕੀਤੀ।
ਬੰਟੀ ਢਾਬਾ ਮਾਲਕ ਦੀ ਪਤਨੀ ਸੀਮਾ ਨੇ ਕਿਹਾ ਕਿ ਉਨ੍ਹਾਂ ਸੈਸ਼ਨ ਕੋਰਟ ਵਿੱਚ ਅਪੀਲ ਕੀਤੀ ਸੀ ਜਿਥੇ ਉਨ੍ਹਾਂ ਨੂੰ ਹਾਈ ਕੋਰਟ ਵਿੱਚ ਅਪੀਲ ਕਰਨ ਲਈ ਕਿਹਾ ਗਿਆ। ਹੁਣ ਹਾਈ ਕੋਰਟ ਵਿੱਚ ਅਪੀਲ ਕੀਤੀ ਗਈ ਸੀ, ਜਿਸ ਮਗਰੋਂ ਹੁਣ ਤੱਕ ਉਸਾਰੀ ਢਾਹੁਣ ਸਬੰਧੀ ਕੋਈ ਹੁਕਮ ਜਾਰੀ ਨਹੀਂ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਨਿਗਮ ਅਧਿਕਾਰੀਆਂ ਨੇ ਅੱਜ ਆਪਣੇ ਆਪ ਹੀ ਇਮਾਰਤ ਨੂੰ ਢਾਹੁਣ ਦਾ ਫ਼ੈਸਲਾ ਲੈ ਲਿਆ। ਬੰਟੀ ਨੇ ਇਹ ਵੀ ਕਿਹਾ ਕਿ ਇਸ ਸਬੰਧੀ ਉਸ ਦੇ ਗੁਆਂਢੀ ਹੀ ਸ਼ਿਕਾਇਤ ਕਰ ਰਹੇ ਹਨ, ਜਦਕਿ ਉਸ ਨੇ ਖ਼ੁਦ ਸਾਰੀ ਗਲੀ ’ਤੇ ਕਬਜ਼ਾ ਕੀਤਾ ਹੋਇਆ ਹੈ। ਉਸ ਨੇ ਦੱਸਿਆ ਕਿ ਕੇਸ ਸਬੰਧੀ ਹਾਈ ਕੋਰਟ ਵਿੱਚ ਅਗਲੀ ਸੁਣਵਾਈ ਸੋਮਵਾਰ ਨੂੰ ਹੋਣੀ ਹੈ।
ਹਾਈ ਕੋਰਟ ਦੇ ਹੁਕਮਾਂ ਅਨੁਸਾਰ ਕਾਰਵਾਈ ਕੀਤੀ: ਏਟੀਪੀ
ਨਗਰ ਨਿਗਮ ਦੇ ਏਟੀਪੀ ਨੇ ਕਿਹਾ ਕਿ ਇਹ ਇਮਾਰਤ ਸਾਲ ਪੁਰਾਣੀ ਹੈ ਤੇ ਅੱਜ ਦੀ ਕਾਰਵਾਈ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਹੀ ਕੀਤੀ ਗਈ ਹੈ। ਢਾਬਾ ਮਾਲਕ ਵੱਲੋਂ ਨਿਗਮ ਵਿੱਚ ਫੀਸ ਜਮ੍ਹਾਂ ਕਰਵਾਉਣ ਬਾਰੇ ਉਨ੍ਹਾਂ ਕਿਹਾ ਕਿ ਜਿਸ ਹਿੱਸੇ ਦੀ ਫੀਸ ਜਮ੍ਹਾਂ ਕਰਵਾਈ ਗਈ ਹੈ, ਉਸ ਹਿੱਸੇ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।