ਸ਼ਹਿਰ ਵਿੱਚ ਸਫ਼ਾਈ ਯਕੀਨੀ ਬਣਾਉਣ ਲਈ ਸੋਮਵਾਰ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਅਚਨਚੇਤ ਨਿਰੀਖਣ ਕਰਦੇ ਹੋਏ, ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਇੱਕ ਸੈਨੇਟਰੀ ਸੁਪਰਵਾਈਜ਼ਰ (ਲੰਬੜਦਾਰ) ਨੂੰ ਉਸ ਦੇ ਸਬੰਧਤ ਇਲਾਕੇ ਵਿੱਚ ਸਫਾਈ ਦੀ ਕਮੀ ਹੋਣ ਕਾਰਨ ਮੁਅੱਤਲ ਕਰ ਦਿੱਤਾ। ਇਸ ਤੋਂ ਇਲਾਵਾ, ਡੇਚਲਵਾਲ ਨੇ ਸੈਨੇਟਰੀ ਇੰਸਪੈਕਟਰਾਂ (ਐਸ.ਆਈਜ਼), ਸੈਨੇਟਰੀ ਸੁਪਰਵਾਈਜ਼ਰਾਂ ਅਤੇ ਹੋਰ ਫੀਲਡ ਸਟਾਫ ਨੂੰ ਆਪਣੇ-ਆਪਣੇ ਇਲਾਕਿਆਂ ਵਿੱਚ ਸਫਾਈ ਯਕੀਨੀ ਬਣਾਉਣ ਲਈ ਸਖ਼ਤ ਚੇਤਾਵਨੀ ਜਾਰੀ ਕੀਤੀ, ਨਹੀਂ ਤਾਂ ਉਨ੍ਹਾਂ ਵਿਰੁੱਧ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅਭਿਸ਼ੇਕ ਸ਼ਰਮਾ ਦੇ ਨਾਲ, ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਪੱਖੋਵਾਲ ਰੋਡ, ਮਾਡਲ ਟਾਊਨ ਐਕਸਟੈਂਸ਼ਨ ਵਿੱਚ ਸ਼ਮਸ਼ਾਨਘਾਟ ਰੋਡ, ਦੁੱਗਰੀ ਰੋਡ, ਮਾਡਲ ਟਾਊਨ ਗੋਲ ਮਾਰਕੀਟ, ਪ੍ਰੀਤ ਪੈਲੇਸ ਨੇੜੇ ਜੰਮੂ ਕਲੋਨੀ, ਅਬਦੁੱਲਾਪੁਰ ਬਸਤੀ, ਆਤਮ ਨਗਰ, ਗਿੱਲ ਰੋਡ ਸਮੇਤ ਹੋਰ ਇਲਾਕਿਆਂ ਦਾ ਨਿਰੀਖਣ ਕੀਤਾ। ਨਿਰੀਖਣ ਦੌਰਾਨ ਸਿਹਤ ਅਧਿਕਾਰੀ ਡਾ. ਵਿਪਲ ਮਲਹੋਤਰਾ, ਸੀ.ਐਸ,ਆਈ ਸੁਰਿੰਦਰ ਡੋਗਰਾ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ। ਜੰਮੂ ਕਲੋਨੀ ਅਤੇ ਅਬਦੁੱਲਾਪੁਰ ਬਸਤੀ ਇਲਾਕੇ ਵਿੱਚ ਸਫਾਈ ਦੀ ਕਮੀ ਨੂੰ ਵੇਖਦਿਆਂ, ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਇਲਾਕੇ ਦੇ ਸੈਨੇਟਰੀ ਸੁਪਰਵਾਈਜ਼ਰ (ਲੰਬੜਦਾਰ) ਨੀਰਜ ਸਭਾਓ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ।
ਡੇਚਲਵਾਲ ਨੇ ਦੱਸਿਆ ਕਿ ਸਿਹਤ ਸ਼ਾਖਾ ਦੇ ਸਟਾਫ ਨੂੰ ਸ਼ਹਿਰ ਭਰ ਵਿੱਚ ਸਫਾਈ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਹੀ ਸਖ਼ਤ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਉਹ ਸਥਿਤੀ ਦਾ ਜਾਇਜ਼ਾ ਲੈਣ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਨਿਰੀਖਣ ਕਰ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਅਚਨਚੇਤ ਨਿਰੀਖਣ ਜਾਰੀ ਰਹਿਣਗੇ।
ਸਟਾਫ਼ ਨੂੰ ਗ਼ੈਰ-ਕਾਨੂੰਨੀ ਮੀਟ ਕਟਾਈ ਵਿਰੁੱਧ ਕਾਰਵਾਈ ਕਰਨ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਚਲਾਨ ਜਾਰੀ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਇੱਥੇ ਇਹ ਦੱਸਣਾ ਉਚਿਤ ਹੈ ਕਿ ਅਗਸਤ ਮਹੀਨੇ ਵਿੱਚ, ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਚੰਡੀਗੜ੍ਹ ਰੋਡ ’ਤੇ ਸਫਾਈ ਦੀ ਕਮੀ ਕਾਰਨ ਇੱਕ ਲੰਬੜਦਾਰ ਨੂੰ ਵੀ ਮੁਅੱਤਲ ਕਰ ਦਿੱਤਾ ਸੀ, ਜਦੋਂ ਕਿ ਡੰਡੀ ਸਵਾਮੀ ਚੌਕ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਸਫਾਈ ਦੀ ਕਮੀ ਕਾਰਨ ਲੰਬੜਦਾਰ ਅਤੇ ਸੀ.ਐਸ.ਆਈ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ। ਇਸ ਦੌਰਾਨ ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸਾਫ਼ ਰੱਖਣ ਵਿੱਚ ਨਗਰ ਨਿਗਮ ਦਾ ਸਾਥ ਦੇਣ ਅਤੇ ਖੁੱਲ੍ਹੀਆਂ ਥਾਵਾਂ ’ਤੇ ਕੂੜਾ ਸੁੱਟਣਾ ਬੰਦ ਕਰਨ।